QR Code ਸਕੈਨ ਕਰੋ ਤੇ ਖੇਤੀ ਨਾਲ ਸਬੰਧਤ ਜਾਣਕਾਰੀ ਪਾਓ; ਕਿਸਾਨਾਂ ਦੀ ਜਾਣਕਾਰੀ ‘ਚ ਵਾਧੇ ਲਈ PAU ਦਾ ਉਪਰਾਲਾ
ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨ ਦੇ ਮੰਤਵ ਲਈ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਕਿਊਆਰ ਕੋਡ ਜਾਰੀ ਕੀਤੇ। ਇਨ੍ਹਾਂ ’ਚ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਯੂ-ਟਿਊਬ ਚੈਨਲ, ਕਿਸਾਨ ਐਪ ਅਤੇ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਕੋਡ ਸ਼ਾਮਲ ਹਨ। ਵਾਈਸ ਚਾਂਸਲਰ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਹਰ ਪੱਧਰ ਅਤੇ ਹਰ ਖਿੱਤੇ ਦੇ ਕਿਸਾਨਾਂ ਤੱਕ ਨਵੀਆਂ ਕਿਸਮਾਂ, ਖੇਤੀ ਤਕਨਾਲੋਜੀਆਂ, ਕਾਸ਼ਤ ਵਿਧੀਆਂ ਅਤੇ ਹੋਰ ਵਿਗਿਆਨਕ ਜਾਣਕਾਰੀ ਪਹੁੰਚਾਉਣ ਲਈ ਵਚਨਬੱਧ ਹੈ। ਇਸੇ ਮੰਤਵ ਲਈ ਕਿਊਆਰ ਕੋਡ ਜਾਰੀ ਕਰ ਕੇ ਜਾਣਕਾਰੀ ਨੂੰ ਸਮਾਰਟ ਵਿਧੀ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਕਿਸਾਨ ਤਕਨਾਲੋਜੀ ਦੀ ਵਰਤੋਂ ਕਰਨ ਵਿਚ ਮੋਹਰੀ ਹੈ। ਇਸ ਲਿਹਾਜ਼ ਨਾਲ ਪੀਏਯੂ ਪ੍ਰਮਾਣਿਕ ਜਾਣਕਾਰੀ ਅਤੇ ਸਿਫ਼ਾਰਸ਼ਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਇਹ ਪਹਿਲਕਦਮੀ ਕਰ ਰਹੀ ਹੈ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਕਿਊਆਰ ਕੋਡ ਪਿ੍ਰੰਟ ਮੀਡੀਆ, ਮਹੀਨਾਵਾਰ ਰਸਾਲਿਆਂ ਅਤੇ ਹੋਰ ਤਰੀਕਿਆਂ ਨਾਲ ਕਿਸਾਨਾਂ ਤੱਕ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਕੈਨ ਕਰ ਕੇ ਕਿਸਾਨਾਂ ਦਾ ਡਿਜੀਟਲ ਤੌਰ ’ਤੇ ਯੂਨੀਵਰਸਿਟੀ ਨਾਲ ਜੁੜਨਾ ਬੇਹੱਦ ਸੌਖਾ ਹੋ ਗਿਆ ਹੈ। ਡਾ. ਰਿਆੜ ਨੇ ਕਿਹਾ ਕਿ ਖੇਤੀ ਸਿਫ਼ਾਰਸ਼ਾਂ ਅਤੇ ਜਾਣਕਾਰੀਆਂ ਦੇ ਸੰਚਾਰ ਲਈ ਸੰਚਾਰ ਕੇਂਦਰ ਹਰ ਸੰਭਵ ਯਤਨ ਅਤੇ ਮਾਧਿਅਮ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ, ਕਿਸਾਨ ਬੀਬੀਆਂ, ਪੇਂਡੂ ਨੌਜਵਾਨਾਂ ਅਤੇ ਕਿਸਾਨੀ ਨਾਲ ਸਬੰਧਤ ਹੋਰ ਧਿਰਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਇਹ ਮਾਧਿਅਮ ਬੇਹੱਦ ਕਾਰਗਾਰ ਸਾਬਿਤ ਹੋਣਗੇ। ਜ਼ਿਕਰਯੋਗ ਹੈ ਕਿ ਕਿਊਆਰ ਕੋਡਾਂ ਦਾ ਇਹ ਸੈੱਟ ਅਤੁਲ ਕੁਮਾਰ ਨੇ ਤਿਆਰ ਕੀਤਾ ਹੈ।