ਹੋਲਾ-ਮਹੱਲਾ ਮੌਕੇ ਸ਼੍ਰੀ ਕੀਰਤਪੁਰ ਸਾਹਿਬ ‘ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ
ਸ਼੍ਰੀ ਕੀਰਤਪੁਰ ਸਾਹਿਬ (ਬਾਲੀ) ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ਦੇ ਸ਼ਨੀਵਾਰ ਦੂਜੇ ਦਿਨ ਇਤਿਹਾਸਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀਆਂ ਭਾਰੀਆਂ ਰੌਣਕਾਂ ਵੇਖਣ ਨੂੰ ਮਿਲੀਆਂ।
ਸੰਗਤਾਂ ਨੇ ਵੱਖ -ਵੱਖ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਪੁੱਜ ਰਹੀਆਂ ਹਨ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਨਜ਼ਦੀਕ ਅਤੇ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿਖੇ ਬਣਾਈਆਂ ਆਰਜ਼ੀ ਪਾਰਕਿੰਗਾਂ ਵਿਚ ਆਪਣੇ ਵਾਹਨ ਖੜ੍ਹੇ ਕਰਕੇ ਸਰੋਵਰ ‘ਤੇ ਸਤਲੁਜ ਦਰਿਆ ‘ਚ ਇਸ਼ਨਾਨ ਕਰਕੇ ਗੁਰਦੁਆਰਾ ਪਤਾਲਪੁਰੀ ਦੇ ਦਰਬਾਰ ਸਾਹਿਬ ਮੱਥਾ ਟੇਕ ਰਹੇ ਹਨ।

ਇਸ ਦੌਰਾਨ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਆਈਆਂ ਸੰਗਤਾਂ ਵੱਲੋਂ ਸਮੂਹ ਸਾਧ ਸੰਗਤ ਅਜਨਾਲਾ ਅਤੇ ਗੁਰਦੁਆਰਾ ਪਤਾਲਪੁਰੀ ਵਿਖੇ ਚੱਲਦੇ ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਦੇ ਲੰਗਰ ਵਿਖੇ ਪਰਸ਼ਾਦਾ ਛੱਕ ਸ੍ਰੀ ਕੀਰਤਪੁਰ ਸਾਹਿਬ ਦੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਾ ਰਹੀਆਂ ਸਨ।
ਸੰਗਤਾਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਸੀਸ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਹਰਿਮੰਦਰ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਤੀਰ ਸਾਹਿਬ, ਗੁਰਦੁਆਰਾ ਬਾਬਾ ਸ੍ਰੀ ਚੰਦ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਵਿਖੇ ਮੱਥਾ ਟੇਕ ਕੇ ਅਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਹੋ ਰਹੀਆਂ ਹਨ।
ਪੁਲਸ ਪ੍ਰਸ਼ਾਸਨ ਵੱਲੋਂ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ ਜਾਣ ਵਾਲੇ ਰਸਤੇ ‘ਤੇ ਜਿੱਥੇ ਸੰਗਤਾਂ ਦੀ ਸਹੂਲਤ ਲਈ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਉਥੇ ਹੀ ਟ੍ਰੈਫਿਕ ਨਿਰਵਿਘਨ ਚੱਲਦੀ ਰੱਖਣ ਲਈ ਵਿਸ਼ੇਸ਼ ਬੈਰੀਕੇਡ ਲੱਗਾ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਸ ਮੁਲਾਜ਼ਮ ਮੇਲੇ ਦੀ ਪੂਰੀ ਨਿਗਰਾਨੀ ਰੱਖ ਰਹੇ ਹਨ।