ਹੁਣ ਮੋਬਾਈਲ ‘ਤੇ ਦਿੱਸੇਗਾ ਕਾਲਰ ਦਾ ਨਾਮ, TRAI ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਜੇਕਰ ਤੁਹਾਡੇ ਸਮਾਰਟਫੋਨ ‘ਚ ਕਿਸੇ ਦਾ ਨੰਬਰ ਸੇਵ ਨਹੀਂ ਤੇ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਤੁਹਾਡੇ ਦਿਮਾਗ ‘ਚ ਸਭ ਤੋਂ ਪਹਿਲਾਂ ਸਵਾਲ ਇਹ ਆਉਂਦਾ ਹੈ ਕਿ ਕਾਲ ਕਰਨ ਵਾਲਾ ਕੌਣ ਹੋ ਸਕਦਾ ਹੈ। ਜੇਕਰ ਤੁਹਾਡੇ ਨਾਲ ਅਕਸਰ ਅਜਿਹਾ ਹੁੰਦਾ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਦੇਸ਼ ਭਰ ਦੀਆਂ ਦੂਰਸੰਚਾਰ ਕੰਪਨੀਆਂ ਨੂੰ ਕਾਲਿੰਗ ਨਾਮ ਪ੍ਰੈਜੇਂਟੇਸ਼ਨ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਬਾਅਦ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡੇ ਫੋਨ ‘ਤੇ ਕਾਲ ਕਰਦਾ ਹੈ ਤਾਂ ਤੁਹਾਡੇ ਫੋਨ ਦੀ ਸਕਰੀਨ ‘ਤੇ ਉਸ ਦਾ ਨਾਮ ਦਿਖਾਈ ਦੇਵੇਗਾ।
ਦਰਅਸਲ ਸਮਾਰਟਫੋਨ ਉਪਭੋਗਤਾ ਆਪਣੇ ਫੋਨ ‘ਤੇ ਅਣਜਾਣ ਕਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਥਰਡ ਪਾਰਟੀ ਐਪਸ ਦੀ ਵਰਤੋਂ ਕਰਦੇ ਹਨ। ਇਸ ਵਿੱਚ ਬਹੁਤ ਸਾਰੇ ਉਪਭੋਗਤਾ ਟਰੂ ਕਾਲਰ ਦੀ ਵਰਤੋਂ ਕਰਦੇ ਹਨ। ਥਰਡ ਪਾਰਟੀ ਐਪਸ ਆਪਣੇ ਫੀਚਰ ਪ੍ਰਦਾਨ ਕਰਨ ਲਈ ਇੰਸਟਾਲੇਸ਼ਨ ਦੇ ਸਮੇਂ ਬਹੁਤ ਸਾਰੀਆਂ ਇਜਾਜ਼ਤਾਂ ਮੰਗਦੀਆਂ ਹਨ। ਇਸ ਵਿੱਚ ਸੰਪਰਕ ਵੇਰਵੇ, ਫੋਨ ਗੈਲਰੀ, ਸਪੀਕਰ, ਕੈਮਰਾ ਤੇ ਕਾਲ ਹਿਸਟਰੀ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ। ਜੇਕਰ ਤੁਸੀਂ ਇਹ ਸਾਰੀਆਂ ਪ੍ਰਮੀਸ਼ਨਾਂ ਨਹੀਂ ਦਿੰਦੇ ਹੋ ਤਾਂ ਇਹ ਥਰਡ ਪਾਰਟੀ ਐਪ ਕੰਮ ਨਹੀਂ ਕਰਦੇ। ਜੇਕਰ ਤੁਸੀਂ ਇਜਾਜ਼ਤ ਦਿੰਦੇ ਹੋ ਤਾਂ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋਣ ਦਾ ਡਰ ਰਹਿੰਦਾ ਹੈ।
ਟਰਾਈ ਨੇ ਦੇਸ਼ ਭਰ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਕਾਲਿੰਗ ਨੇਮ ਪ੍ਰੈਜੇਂਟੇਸ਼ਨ ਫੀਚਰ ਨੂੰ ਰੋਲ ਆਊਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਬਾਅਦ ਦੇਸ਼ ‘ਚ ਮੌਜੂਦ ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੇ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਟਰਾਈ ਮੁਤਾਬਕ ਜੇਕਰ ਇਹ ਟ੍ਰਾਇਲ ਸਫਲ ਹੁੰਦਾ ਹੈ ਤਾਂ ਕਾਲਿੰਗ ਨੇਮ ਪ੍ਰੈਜੇਂਟੇਸ਼ਨ ਫੀਚਰ ਨੂੰ ਦੇਸ਼ ਭਰ ‘ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਅਣਜਾਣ ਨੰਬਰਾਂ ਦੀ ਜਾਣਕਾਰੀ ਲੈਣ ਲਈ ਕਿਸੇ ਥਰਡ ਪਾਰਟੀ ਐਪ ਦੀ ਲੋੜ ਨਹੀਂ ਪਵੇਗੀ।
ਟਰਾਈ ਨੇ ਕਾਲਿੰਗ ਨੇਮ ਪ੍ਰੈਜੇਂਟੇਸ਼ਨ ਫੀਚਰ ਦੀ ਜਾਂਚ ਕਰਨ ਲਈ ਦੇਸ਼ ਦੇ ਸਭ ਤੋਂ ਛੋਟੇ ਸਰਕਲ ਨੂੰ ਚੁਣਿਆ ਹੈ। ਇਸ ਤੋਂ ਬਾਅਦ ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਹਰਿਆਣਾ ਵਿੱਚ ਕਾਲਿੰਗ ਨੇਮ ਪ੍ਰੈਜੇਂਟੇਸ਼ਨ ਫੀਚਰ ਦੀ ਟੈਸਟਿੰਗ ਸ਼ੁਰੂ ਕਰਨ ਜਾ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਟਰਾਈ ਦੇ ਨਿਰਦੇਸ਼ਾਂ ਤੋਂ ਬਾਅਦ ਹਰਿਆਣਾ ‘ਚ ਇਸ ਮਹੀਨੇ ਕਾਲਿੰਗ ਨੇਮ ਪ੍ਰੈਜੈਂਟੇਸ਼ਨ ਫੀਚਰ ਦੀ ਟੈਸਟਿੰਗ ਸ਼ੁਰੂ ਹੋ ਜਾਵੇਗੀ।