ਹਰਿਆਣਾ ਪੁਲਿਸ ਦੀ ਇੱਕ ਹੋਰ ਕਾਰਵਾਈ, ਪੱਥਰਬਾਜ਼ੀ ਦੀਆਂ ਵੀਡੀਓ ਕੀਤੀਆਂ ਜਾਰੀ, ਕਿਸਾਨਾਂ ਦੀ ਭਾਲ ਕੀਤੀ ਸ਼ੁਰੂ 

ਹਰਿਆਣਾ ਦੇ ਸ਼ੰਭੁ ਬਾਰਡਰ ‘ਤੇ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਸਥਿਤੀ ਕਾਫ਼ੀ ਤਣਾਅ ਵਾਲੀ ਦੇਖਣ ਨੂੰ ਮਿਲੀ। ਕਿਸਾਨਾਂ ਨੇ ਜਦੋਂ 13 ਫਰਵਰੀ ਨੂੰ ਦਿੱਲੀ ਨੂੰ ਚਾਲੇ ਪਾਏ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਸ਼ੰਭੂ ਸਰਹੱਦ ‘ਤੇ ਹੀ ਰੋਕ ਦਿੱਤਾ ਸੀ। 

ਇਸ ਦੌਰਾਨ ਪੁਲਿਸ ਵੱਲੋਂ ਵੱਡੀ ਤਦਾਦ ‘ਚ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ। ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ‘ਤੇ ਪੱਥਰਬਾਜ਼ੀ ਕੀਤੀ ਸੀ। ਜਿਸ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਹੈ। 

ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ‘ਤੇ ਪਥਰਾਅ ਦੇ 2 ਵੀਡੀਓ ਜਾਰੀ ਕੀਤੇ ਹਨ। ਪੁਲਿਸ ਨੇ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਵੀਡੀਓ 13 ਅਤੇ 14 ਫਰਵਰੀ ਦੇ ਹਨ। ਜਦੋਂ ਪੁਲਿਸ ਕਿਸਾਨਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਸੀ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ‘ਤੇ ਪੱਥਰ ਸੁੱਟੇ।

ਉਧਰ, ਕਿਸਾਨਾਂ ਦਾ ਕਹਿਣਾ ਹੈ ਕਿ ਪੁਲੀਸ ਖ਼ੁਦ ਪਥਰਾਅ ਕਰਕੇ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਖਨੌਰੀ ਸਰਹੱਦ ‘ਤੇ ਵੀ ਇਕ ਪੁਲਿਸ ਮੁਲਾਜ਼ਮ ਨੂੰ ਮੁਖਬਰ ਹੋਣ ਦੇ ਸ਼ੱਕ ‘ਚ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਇਸ ਅੰਦੋਲਨ ਦੌਰਾਨ ਜੋ ਵੀ ਨੁਕਸਾਨ ਹੋਵੇਗਾ, ਉਹ ਸ਼ਰਾਰਤੀ ਅਨਸਰਾਂ ਤੋਂ ਹੀ ਵਸੂਲਿਆ ਜਾਵੇਗਾ। ਇਸੇ ਸਬੰਧ ਵਿੱਚ ਇਹ ਵੀਡੀਓਜ਼ ਦੇਖੇ ਜਾ ਰਹੇ ਹਨ।

ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਤਣਾਅ ਜਾਰੀ ਹੈ। ਜਿੱਥੇ ਪੁਲਿਸ ਨੇ ਸ਼ੁੱਕਰਵਾਰ (16 ਫਰਵਰੀ) ਨੂੰ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਇਨ੍ਹਾਂ ਕਿਸਾਨਾਂ ਨੇ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਹੈ ਅਤੇ ਪਿਛਲੇ ਚਾਰ ਦਿਨਾਂ ਤੋਂ ਸ਼ੰਭੂ ਸਰਹੱਦ ’ਤੇ ਡਟੇ ਹੋਏ ਹਨ।

ਕਿਸਾਨਾਂ ਨੇ ਮੰਗਲਵਾਰ (13 ਫਰਵਰੀ) ਨੂੰ ਦਿੱਲੀ ਵੱਲ ਆਪਣਾ ਮਾਰਚ ਸ਼ੁਰੂ ਕੀਤਾ, ਪਰ ਦਿੱਲੀ ਅਤੇ ਹਰਿਆਣਾ ਵਿਚਕਾਰ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਕਿਸਾਨਾਂ ਨਾਲ ਸੁਲ੍ਹਾ ਕਰਨ ਨੂੰ ਲੈ ਕੇ ਸਰਕਾਰ ਅਤੇ ਜਥੇਬੰਦੀਆਂ ਦਰਮਿਆਨ ਤਿੰਨ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਤੀਜੇ ਦੌਰ ਦੀ ਗੱਲਬਾਤ ਹੋਈ। ਹੁਣ ਦੋਵਾਂ ਧਿਰਾਂ ਵਿਚਾਲੇ 18 ਫਰਵਰੀ ਨੂੰ ਮੀਟਿੰਗ ਹੋਵੇਗੀ।

Leave a Reply

Your email address will not be published. Required fields are marked *