ਹਰਿਆਣਾ ‘ਚ ਆਲੂ ਦੇ ਬੂਟਿਆਂ ‘ਤੇ ਉੱਗੇ ਟਮਾਟਰ, ਦੱਸਿਆ ਕੁਦਰਤ ਦਾ ਚਮਤਕਾਰ, ਕਿਹਾ “ਇਹ ਟੋਮੇਟੋ ਨਹੀਂ ਸਗੋਂ ਪੋਮੇਟੋ
ਹਰਿਆਣਾ ਦੇ ਚਰਖੀ ਦਾਦਰੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਖੇਤ ਵਿੱਚ ਆਲੂਆਂ ਦੇ ਪੌਦਿਆਂ ਦੇ ਹੇਠਾਂ ਆਲੂ ਤੇ ਉਪਰ ਟਮਾਟਰ ਲੱਗੇ ਹੋਏ ਹਨ। ਇਸ ਬਾਰੇ ਪਤਾ ਚੱਲਦੇ ਹੀ ਲੋਕ ਪੌਦੇ ਦੇਖਣ ਲਈ ਪਿੰਡ ਰਾਨੀਲਾ ਬਾਸ ਦੇ ਖੇਤਾਂ ਵਿੱਚ ਪਹੁੰਚ ਰਹੇ ਹਨ। ਲੋਕ ਇਸ ਨੂੰ ਕੁਦਰਤ ਦਾ ਚਮਤਕਾਰ ਕਹਿ ਰਹੇ ਹਨ।
ਕਿਸਾਨ ਦਾ ਕਹਿਣਾ ਹੈ ਕਿ ਉਹ ਹਰ ਵਾਰ ਆਲੂ ਬੀਜਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ। ਉਧਰ, ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੋਈ ਚਮਤਕਾਰ ਨਹੀਂ ਸਗੋਂ ਟਮਾਟਰ ਦੇ ਬੀਜਾਂ ਨਾਲ ਆਲੂ ਦਾ ਸਰਵਾਈਸ ਕਰਨ ਦਾ ਨਤੀਜਾ ਹੈ। ਇਸ ਤੋਂ ਪਹਿਲਾਂ ਸਾਲ 2010 ਵਿੱਚ ਵੀ ਭਿਵਾਨੀ ਦੇ ਜੁਈ ਇਲਾਕੇ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ।
ਕਿਸਾਨ ਓਮਕਾਰ ਨੇ ਦੱਸਿਆ ਕਿ ਉਸ ਨੇ ਕਰੀਬ ਅੱਧਾ ਏਕੜ ਜ਼ਮੀਨ ਵਿੱਚ ਆਲੂ ਦੀ ਫ਼ਸਲ ਬੀਜੀ ਹੈ। ਫਸਲ ਲਗਪਗ ਤਿਆਰ ਹੈ। ਠੰਢ ਕਾਰਨ ਆਲੂਆਂ ਦੇ ਬੂਟਿਆਂ ਦੇ ਪੱਤੇ ਸੜਨ ਲੱਗ ਪਏ ਸਨ। ਇਸ ਲਈ ਉਸ ਨੇ ਉਪਰਲੇ ਬੂਟੇ ਨੂੰ ਕੱਟ ਕੇ ਉੱਥੋਂ ਹਟਾਉਣ ਤੇ ਆਲੂ ਪੁੱਟਣ ਬਾਰੇ ਸੋਚਿਆ। ਜਿਵੇਂ ਹੀ ਉਸ ਨੇ ਕਟਾਈ ਸ਼ੁਰੂ ਕੀਤੀ, ਉਸ ਨੇ ਪੌਦੇ ਦੇ ਉੱਪਰਲੇ ਹਿੱਸੇ ‘ਤੇ ਟਮਾਟਰ ਲੱਗੇ ਦੇਖੇ।
ਆਲੂ ਦੇ ਬੂਟੇ ‘ਤੇ ਟਮਾਟਰ ਦੇਖ ਕੇ ਓਮਕਾਰ ਹੈਰਾਨ ਰਹਿ ਗਿਆ। ਉਸ ਨੇ ਇਸ ਬਾਰੇ ਹੋਰ ਕਿਸਾਨਾਂ ਨੂੰ ਦੱਸਿਆ। ਜਦੋਂ ਉਨ੍ਹਾਂ ਨੇ ਟਮਾਟਰ ਨੂੰ ਤੋੜ ਕੇ ਚੱਖਿਆ ਤਾਂ ਯਕੀਨ ਹੋ ਗਿਆ ਕਿ ਇਹ ਟਮਾਟਰ ਹੀ ਹੈ। ਕਿਸਾਨ ਨੇ ਦੱਸਿਆ ਕਿ ਹਰ ਬੂਟੇ ‘ਤੇ ਟਮਾਟਰ ਨਹੀਂ ਲੱਗੇ, ਜੋ ਵੱਡੇ ਬੂਟੇ ਹਨ, ਉਨ੍ਹਾਂ ‘ਤੇ ਹੀ ਟਮਾਟਰ ਲੱਗੇ ਹਨ।
ਓਮਕਾਰ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਸ ਨੇ ਆਲੂਆਂ ਦੀ ਕਾਸ਼ਤ ਕੀਤੀ ਸੀ ਪਰ ਅਜਿਹਾ ਨਹੀਂ ਹੋਇਆ। ਉਸ ਨੇ ਮੋਰਵਾਲਾ ਵਾਸੀ ਇੱਕ ਵਿਅਕਤੀ ਤੋਂ ਆਲੂ ਦਾ ਬੀਜ ਲੈ ਕੇ ਆਪਣੇ ਖੇਤ ਵਿੱਚ ਲਾਇਆ ਸੀ। ਉਹ ਉੱਤਰ ਪ੍ਰਦੇਸ਼ ਤੋਂ ਬੀਜ ਮੰਗਵਾਉਂਦਾ ਹੈ।
ਉਧਰ, ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਟਮਾਟੋ ਨਹੀਂ ਸਗੋਂ ਪਮਾਟੋ ਹੈ। ਇਸ ਦੀ ਸ਼ਕਲ ਤੇ ਸਵਾਦ ਬਿਲਕੁਲ ਟਮਾਟਰ ਵਰਗਾ ਹੈ। ਦੂਜੇ ਸ਼ਬਦਾਂ ਵਿੱਚ, ਇਹ ਟਮਾਟਰ ਦੀ ਇੱਕ ਕਿਸਮ ਹੈ। ਕਈ ਵਾਰ ਟਮਾਟਰ ਦੇ ਬੀਜ ਆਲੂਆਂ ਨਾਲ ਬਚ ਜਾਂਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਆਲੂਆਂ ਤੋਂ ਪੋਸ਼ਣ ਮਿਲਦਾ ਹੈ। ਤਣਾ ਸਿਰਫ ਆਲੂ ਦਾ ਹੁੰਦਾ ਹੈ, ਜਦੋਂਕਿ ਉੱਪਰ ਵਾਲਾ ਫਲ ਟਮਾਟਰ ਦਾ ਹੁੰਦਾ ਹੈ।