ਹਰਪਾਲ ਚੀਮਾ ਨੇ ਗੁਰਦਾਸਪੁਰ ਨੂੰ ਦਿੱਤੀ ਈਥੇਨੌਲ ਪ੍ਰਾਜੈਕਟ ਦੀ ਸੌਗ਼ਾਤ, ਘਾਟੇ ’ਚ ਚੱਲ ਰਹੀ ਖੰਡ ਮਿੱਲ ਦੇ ਪੈਰਾਂ ’ਤੇ ਖੜ੍ਹੇ ਹੋਣ ਦੀ ਜਾਗੀ ਉਮੀਦ

 ਮੰਗਲਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਰ ਵੱਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ ’ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਗੁਰਦਾਸਪੁਰ ਨੂੰ ਵੱਡੀ ਸੌਗ਼ਾਤ ਦਿੱਤੀ ਹੈ। ਉਨ੍ਹਾਂ ਵੱਲੋਂ ਬਜਟ ’ਚ ਸਹਿਕਾਰੀ ਖੰਡ ਮਿੱਲ ਪੰਨਿਆੜ (ਗੁਰਦਾਸਪੁਰ) ਵਿਚ ਈਥੇਨੌਲ ਪਲਾਂਟ ਲਗਾਉਣ ਲਈ 24 ਕਰੋੜ ਰੁਪਏ ਰੱਖੇ ਗਏ ਹਨ। ਜਿਸ ਤੋਂ ਬਾਅਦ ਘਾਟੇ ’ਚ ਚੱਲ ਰਹੀ ਖੰਡ ਮਿੱਲ ਦੇ ਪੈਰਾਂ ’ਤੇ ਖੜ੍ਹੇ ਹੋਣ ਦੀ ਉਮੀਦ ਜਾਗ ਗਈ ਹੈ। ਇਸ ਨਾਲ ਇਸ ਮਿੱਲ ਲਈ ਜਿੱਥੇ ਕਰੋੜਾਂ ਰੁਪਏ ਦੀ ਆਮਦਨ ਦਾ ਜ਼ਰੀਆ ਪੈਦਾ ਹੋਵੇਗਾ ਉਥੇ ਸੈਂਕੜੇ ਨਵੀਆਂ ਪੋਸਟਾਂ ਵੀ ਪੈਦਾ ਹੋਣਗੀਆਂ। ਇਸ ਤੋਂ ਇਲਾਵਾ ਮਿੱਲ ਵਿਚ ਕਈ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ।

ਸਹਿਕਾਰੀ ਖੰਡ ਮਿੱਲ ਪੰਨਿਆੜ ਦੇ ਜੀਐੱਮ ਸਰਬਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਿੱਲ ਵਿਚ ਈਥੇਨੌਲ ਪ੍ਰਾਜੈਕਟ ਲਗਾਉਣ ਦੀ ਯੋਜਨਾ 2021-22 ’ਚ ਬਣਾਈ ਗਈ ਸੀ ਪਰ ਸਰਕਾਰ ਵੱਲੋਂ ਫੰਡਾਂ ਦੀ ਘਾਟ ਕਾਰਨ ਇਹ ਸਕੀਮ ਅੱਜ ਤੱਕ ਸਿਰੇ ਨਹੀਂ ਚੜ੍ਹ ਸਕੀ, ਕਿਉਂਕਿ ਸਹਿਕਾਰੀ ਅਦਾਰੇ ਨੇ ਉਨ੍ਹਾਂ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਜਦੋਂ ਪੰਜਾਬ ਸਰਕਾਰ ਨੇ ਬਜਟ ਵਿਚ ਆਪਣੇ ਹਿੱਸੇ ਦੇ 24 ਕਰੋੜ ਰੁਪਏ ’ਚੋਂ 9 ਫ਼ੀਸਦੀ ਕਰਜ਼ਾ ਮਨਜ਼ੂਰ ਕਰ ਦਿੱਤਾ ਹੈ ਤਾਂ ਸਹਿਕਾਰੀ ਅਦਾਰੇ ਤੋਂ ਬਾਕੀ 91 ਫ਼ੀਸਦੀ ਕਰਜ਼ਾ ਉਨ੍ਹਾਂ ਨੂੰ ਮਨਜ਼ੂਰ ਹੋ ਜਾਵੇਗਾ। ਜਿਸ ਕਾਰਨ ਹੁਣ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਵਿਚ ਕੋਈ ਅੜਚਨ ਨਹੀਂ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜੇਕਰ ਸਮੇਂ ਸਿਰ ਪੈਸੇ ਮਿਲ ਜਾਂਦੇ ਹਨ ਤਾਂ ਉਕਤ ਪ੍ਰਾਜੈਕਟ ਇਕ-ਦੋ ਮਹੀਨਿਆਂ ’ਚ ਸ਼ੁਰੂ ਹੋ ਸਕਦਾ ਹੈ।

ਮਿੱਲ ਨੂੰ ਹੋਵੇਗੀ ਕਰੋੜਾਂ ਦੀ ਆਮਦਨ

ਜੀਐੱਮ ਹੁੰਦਲ ਨੇ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਵਿਚ ਈਥੇਨੌਲ ਮਿਲਾਇਆ ਜਾਂਦਾ ਹੈ। ਜਿਸ ਦੀ ਕੀਮਤ ਲਗਪਗ 60 ਰੁਪਏ ਪ੍ਰਤੀ ਲੀਟਰ ਹੈ। ਇਹ ਮਿੱਲ ਸਾਲ ’ਚ ਕਰੀਬ 300 ਦਿਨ ਚੱਲਦੀ ਹੈ। ਰੋਜ਼ਾਨਾ 1 ਲੱਖ 20 ਹਜ਼ਾਰ ਲੀਟਰ ਈਥੇਨੌਲ ਦਾ ਉਤਪਾਦਨ ਹੋਵੇਗਾ। ਜਿਸ ਕਾਰਨ 300 ਦਿਨਾਂ ਵਿਚ ਰੋਜ਼ਾਨਾ 72 ਲੱਖ ਰੁਪਏ ਦੀ ਕੁੱਲ ਆਮਦਨ ਤੇ ਲਗਪਗ 216 ਕਰੋੜ ਰੁਪਏ ਦੀ ਕੁੱਲ ਆਮਦਨ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਮਿੱਲ ਦੇ ਬਾਹਰ ਪੈਟਰੋਲ ਪੰਪ ਲਗਾ ਕੇ ਵੀ ਈਥੇਨੌਲ ਦੀ ਸਿੱਧੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਮਿੱਲ ਨੈਸ਼ਨਲ ਹਾਈਵੇ ’ਤੇ ਸਥਿਤ ਹੈ।

ਕਰੀਬ 400 ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਜੀਐੱਮ ਹੁੰਦਲ ਨੇ ਦੱਸਿਆ ਕਿ ਭਾਵੇਂ ਉਕਤ ਪ੍ਰਾਜੈਕਟ ਨੂੰ ਚਲਾਉਣ ਦਾ ਕੰਮ ਦੋ ਸਾਲਾਂ ਲਈ ਇਕ ਮਾਹਿਰ ਕੰਪਨੀ ਨੂੰ ਠੇਕੇ ਵਜੋਂ ਦਿੱਤਾ ਜਾਵੇਗਾ ਜਿਸ ਨਾਲ ਕਰੀਬ 400 ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਕੁੱਲ ਮਿਲਾ ਕੇ ਇਹ ਪ੍ਰਾਜੈਕਟ ਮਿੱਲ ਤੇ ਆਮ ਜਨਤਾ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣ ਜਾ ਰਿਹਾ ਹੈ।

Leave a Reply

Your email address will not be published. Required fields are marked *