ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ ‘ਚ ਫਸੇ 6 ਭਾਰਤੀ ਨੌਜਵਾਨਾਂ ਦੀ ਹੋਈ ਘਰ ਵਾਪਸੀ, ਟ੍ਰੈਵਲ ਏਜੰਟਾਂ ਦੇ ਧੋਖੇ ਦਾ ਹੋਏ ਸੀ ਸ਼ਿਕਾਰ
ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ। ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿਵੇਂ ਉਨ੍ਹਾਂ ’ਤੇ ਸਰਹੱਦ ਪਾਰ ਕਰਨ ਸਮੇਂ ਅੱਤ ਦਾ ਤਸ਼ਦੱਦ ਕੀਤਾ ਗਿਆ। ਵਾਪਸ ਆਏ ਇਨ੍ਹਾਂ 6 ਨੌਜਵਾਨਾਂ ਵਿਚ ਪੰਜ ਪੰਜਾਬੀ ਤੇ ਇਕ ਹਰਿਆਣਾ ਦਾ ਨੌਜਵਾਨ ਸ਼ਾਮਲ ਹਨ। ਇਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲ ਦੇ ਵਿਚਕਾਰ ਹੈ।
ਪੰਜਾਬ ਦੇ ਨੌਜਵਾਨਾਂ ’ਚ ਫਾਜ਼ਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰਵਿਸ਼ਵਾਸ ਸਿੰਘ ਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਅਤੇ ਕਰਨਾਲ (ਹਰਿਆਣਾ) ਦਾ ਰਾਹੁਲ ਨੌਜਵਾਨ ਸ਼ਾਮਲ ਹੈ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਨ੍ਹਾਂ ਕੋਲੋਂ 13-13 ਲੱਖ ਰੁਪਏ ਲੈ ਕੇ ਸਪੇਨ ਭੇਜਣਾ ਸੀ। ਏਜੰਟ ਪਹਿਲਾਂ ਉਨ੍ਹਾਂ ਨੂੰ ਓਮਾਨ ਲੈ ਗਿਆ, ਫਿਰ ਉਥੋਂ ਮਾਸਕੋ ਲੈ ਗਿਆ। ਮਾਸਕੋ ਤੋਂ ਬੇਲਾਰੂਸ ਲਿਜਾ ਕੇ ਉਥੋਂ ਪੈਦਲ ਜੰਗਲਾਂ ਰਾਹੀਂ ਪੁਰਤਗਾਲ ਤੇ ਲਤੀਵੀਆ ਰਾਹੀਂ ਯੂਰਪ ਵਿਚ ਦਾਖ਼ਲਾ ਕਰਵਉਣਾ ਸੀ। ਉਥੇ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ ਤੇ ਕੁੱਟਮਾਰ ਕਰ ਕੇ ਫਿਰ ਬੇਲਾਰੂਸ ਦੇ ਜੰਗਲਾਂ ਵਿਚ ਛੱਡ ਦਿੱਤਾ।
ਜਦੋਂ ਯੂਰਪ ਵਿਚ ਦਾਖ਼ਲ ਨਾ ਹੋ ਸਕੇ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਨਲੈਂਡ ਦੇ ਬਾਰਡਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਅਸਫਲ ਰਹੀ ਤੇ ਉਥੇ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 17 ਤੇ 20 ਦਸੰਬਰ ਨੂੰ ਸੰਪਰਕ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਕੋ ਵਿਖੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਤੇ ਇਨ੍ਹਾਂ ਨੌਜਵਾਨਾਂ ਬਾਰੇ ਦੱਸਿਆ। ਭਾਰਤੀ ਦੂਤਘਰ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਚਾਰ-ਪੰਜ ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਸ ਭਾਰਤ ਭੇਜ ਦਿੱਤਾ।