ਸੇਵਾਮੁਕਤ ਹੈੱਡ ਮਕੈਨਿਕ ਦਾ ਪੀਆਰਟੀਸੀ ਪ੍ਰਤੀ ਮੋਹ, ਛੱਤ ’ਤੇ ਬਣਾ’ਤੀ ਬੱਸ
ਪੀਆਰਟੀਸੀ ’ਚੋਂ ਬਤੌਰ ਹੈੱਡ ਮਕੈਨਿਕ ਸੇਵਾਮੁਕਤ ਹੋਏ ਪਿੰਡ ਕੰਗ ਸਾਹਬੂ ਵਾਸੀ ਰੇਸ਼ਮ ਸਿੰਘ ਦਾ ਆਪਣੇ ਅਦਾਰੇ ਤੇ ਕੰਮ ਪ੍ਰਤੀ ਮੋਹ ਇਸ ਕਦਰ ਹੈ ਕਿ ਉਨ੍ਹਾਂ ਨੇ ਇਸ ਦੀ ਸਦੀਵੀਂ ਯਾਦਗਾਰ ਕਾਇਮ ਕਰਨ ਲਈ ਆਪਣੇ ਘਰ ਦੀ ਛੱਤ ’ਤੇ ਹੀ ਪੀਆਰਟੀਸੀ ਦੀ ਬੱਸ ਬਣਾ ਦਿੱਤੀ।
ਚੁਬਾਰੇ ਦੀ ਛੱਤ ’ਤੇ ਬਣਾਈ ਗਈ ਇਹ ਬੱਸ ਨਕੋਦਰ-ਜਲੰਧਰ ਹਾਈਵੇ ’ਤੇ ਪੈਂਦੇ ਪਿੰਡ ਕੰਗ ਸਾਹਬੂ ’ਚ ਉਥੋਂ ਲੰਘਦੇ ਲੋਕਾਂ ਦਾ ਧਿਆਨ ਆਪ-ਮੁਹਾਰੇ ਖਿੱਚਦੀ ਹੈ। ਢਾਈ ਤੋਂ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ 7 ਫੁੱਟ ਚੌੜੀ ਤੇ 14 ਫੁੱਟ ਲੰਬੀ ਇਸ ਬੱਸ ਦਾ ਨਾਂ ਉਨ੍ਹਾਂ ਨੇ ਕੰਗ ਸਾਹਬੂ ਐਕਸਪ੍ਰੈੱਸ ਰੱਖਿਆ ਹੋਇਆ ਹੈ, ਜਿਸ ਅੰਦਰ ਜਾਣ ਲਈ ਇਕ ਦਰਵਾਜ਼ਾ ਤੇ ਬੈਠਣ ਲਈ 17 ਸੀਟਾਂ ਲਾਈਆ ਗਈਆ ਹਨ। ਬੱਸ ਦੇ ਅੰਦਰ ਡਰਾਈਵਰ ਸੀਟ ਦੇ ਪਿੱਛੇ ਸਵਾਰੀਆ ਲਈ ਟੀਵੀ ਵੀ ਲਾਇਆ ਗਿਆ ਹੈ। ਬੱਸ ਦੀ ਬਾਡੀ ਤੇ ਟਾਇਰ ਕੰਕਰੀਟ ਨਾਲ ਤਿਆਰ ਕੀਤੇ ਗਏ ਹਨ ਅਤੇ ਅੱਗੇ ਹੈੱਡ ਲਾਈਟਾਂ ਦੇ ਨਾਲ ਹੀ ਇੰਡੀਕੇਟਰ ਅਤੇ ਪਿਛਲੇ ਪਾਸੇ ਵੀ ਇੰਡੀਕੇਟਰ ਲਾਏ ਗਏ ਹਨ। ਰਾਤ ਵੇਲੇ ਬੱਸ ਦੀਆ ਲਾਈਟਾਂ ਜੱਗਦੀਆ ਹਨ ਤਾਂ ਦੂਰੋਂ ਹੀ ਬੱਸ ਦੇ ਰੋਡ ਉਪਰ ਚੱਲਣ ਦਾ ਭੁਲੇਖਾ ਪੈਂਦਾ ਹੈ। ਰੇਸ਼ਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਬੱਸ 2019 ’ਚ ਬਣਾਉਣੀ ਸ਼ੁਰੂ ਕੀਤੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਕੰਮ ਬੰਦ ਹੋ ਗਿਆ ਅਤੇ ਫਿਰ ਮਹਾਮਾਰੀ ਦਾ ਪ੍ਰਕੋਪ ਖਤਮ ਹੋਣ ’ਤੇ ਇਸ ਦਾ ਕੰਮ ਪੂਰਾ ਕੀਤਾ ਗਿਆ ਪਰ ਹਾਲੇ ਵੀ ਇਸ ਅੰਦਰ ਹੋਰ ਕੰਮ ਕਰਵਾਇਆ ਜਾ ਰਿਹਾ ਹੈ।
39 ਸਾਲ ਤਕ ਦਿੱਤੀਆ ਪੀਆਰਟੀਸੀ ’ਚ ਸੇਵਾਵਾਂ
ਹੈੱਡ ਮਕੈਨਿਕ ਵਜੋਂ ਸੇਵਾਮੁਕਤ ਹੋਏ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 39 ਸਾਲ ਤਕ ਪੀਆਰਟੀਸੀ ’ਚ ਸੇਵਾਵਾਂ ਦਿੱਤੀਆ ਹਨ। ਉਹ 20-9-1973 ਨੂੰ ਪੀਆਰਟੀਸੀ ਕਪੂਰਥਲਾ ’ਚ ਬਤੌਰ ਹੈਲਪਰ ਭਰਤੀ ਹੋਏ ਸਨ ਅਤੇ 28 ਫਰਵਰੀ 2013 ਨੂੰ ਉਹ ਬਤੌਰ ਹੈੱਡ ਮਕੈਨਿਕ ਸੇਵਾਮੁਕਤ ਹੋਏ। 39 ਸਾਲਾਂ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਹੈਲਪਰ ਤੋਂ ਬਾਅਦ ਸਹਾਇਕ ਮਕੈਨਿਕ, ਮਕੈਨਿਕ ਤੇ ਹੈੱਡ ਮਕੈਨਿਕ ਵਜੋਂ ਪੀਆਰਟੀਸੀ ਦੇ ਕਪੂਰਥਲਾ, ਲੁਧਿਆਣਾ, ਪਟਿਆਲਾ ਤੇ ਸੰਗਰੂਰ ਡਿਪੂਆ ’ਚ ਸੇਵਾਵਾਂ ਦਿੱਤੀਆ ਹਨ। ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਾਜ਼ਮਾਂ ਹਿੱਤਾਂ ਲਈ ਪੀਆਰਟੀਸੀ ਦੀ ਏਆਈਟੀਸੀ (ਏਟਕ) ’ਚ ਵੀ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਹੁਣ ਕਪੂਰਥਲਾ ਡਿਪੂ ਦੇ ਪ੍ਰਧਾਨ ਹਨ ਤੇ ਪੈਨਸ਼ਨਰ ਜਥੇਬੰਦੀ ’ਚ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ 2013 ਤੋਂ ਲੈ ਕੇ 2018 ਤਕ ਪਿੰਡ ਦੇ ਸਰਪੰਚ ਵੀ ਰਹੇ ਹਨ ਅਤੇ ਪਿੰਡ ਦਾ ਇਤਿਹਾਸ ਵੀ ਲਿਖ ਰਹੇ ਹਨ।
ਬੜੇ ਚਾਅ ਨਾਲ ਵੇਖਦੇ ਨੇ ਪਿੰਡ ਦੇ ਵਿਦੇਸ਼ੋਂ ਆਏ ਬੱਚੇ
ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਪੀਆਰਟੀਸੀ ਬੱਸ ਦੀ ਚਰਚਾ ਪੀਆਰਟੀਸੀ ਦੇ ਗਰੁੱਪ ’ਚ ਕਾਫੀ ਹੋਈ ਹੈ ਤੇ ਇਸ ਨੂੰ ਕਾਫੀ ਸਰਾਹਿਆ ਗਿਆ ਹੈ। ਉਨ੍ਹਾਂ ਵੱਲੋਂ ਬੱਸ ਦਾ ਰਸਮੀ ਉਦਘਾਟਨ ਕਰਨ ਲਈ ਪੀਆਰਟੀਸੀ ਮੈਨੇਜਮੈਂਟ ਤੇ ਆਪਣੀ ਜਥੇਬੰਦੀ ਦੇ ਆਗੂਆ ਨੂੰ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਦੇਸ਼ੋਂ ਆਏ ਪਿੰਡ ਦੇ ਬੱਚੇ ਬੜੇ ਚਾਅ ਨਾਲ ਬੱਸ ਦੇਖਣ ਲਈ ਆਉਂਦੇ ਹਨ ਅਤੇ ਇਸ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਉਂਦੇ ਹਨ।