ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਹਰਜੀਤ ਹਰਮਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ
ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੌਕੇ 3 ਨਵੰਬਰ ਨੂੰ ਨਾਮਵਰ ਪੰਜਾਬੀ ਗਾਇਕ ਹਰਜੀਤ ਹਰਮਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ‘ਪੰਜੇਬਾਂ’ ਤੇ ‘ਮੁੰਦਰੀ’ ਗੀਤ ਨਾਲ ਸਟਾਰ ਬਣੇ ਹਰਜੀਤ ਹਰਮਨ ਆਪਣੇ ਗਾਣਿਆਂ ‘ਚਾਦਰ’, ‘ਪੰਜਾਬ’ ਆਦਿ ਨਾਲ ਦਹਾਕੇ ਤੋਂ ਵੀ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਹਰਜੀਤ ਹਰਮਨ ਦੀ ਫਾਈਨਲ ਮੈਚ ਤੋਂ ਪਹਿਲਾਂ ਪੇਸ਼ਕਾਰੀ ਲਈ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੁਸਾਇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਫਾਈਨਲ ਮੈਚ ਦੇਖਣ ਪਹੁੰਚ ਰਹੇ ਦਰਸ਼ਕਾਂ ਲਈ ਜਿੱਥੇ ਬੈਠਣ ਦੇ ਖਾਸ ਪ੍ਰਬੰਧ ਕੀਤੇ ਗਏ, ਉੱਥੇ ਉਨ੍ਹਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਕੀ ਕੂਪਨ ਰਾਹੀਂ ਅਲਟੋ ਕਾਰ ਦਿੱਤੀ ਜਾਵੇਗੀ। ਸੁਸਾਇਟੀ ਨੇ ਖੇਡ ਪੇ੍ਰਮੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਟੂਰਨਾਮੈਂਟ ’ਚ ਸ਼ਾਮਲ ਹੋਣ ਤੇ ਰੋਮਾਂਚਕ ਮੈਚਾਂ ਦਾ ਆਨੰਦ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਕਾਰਨਾਂ ਕਰਕੇ ਬੱਬੂ ਮਾਨ ਦੀ ਪੇਸ਼ਕਾਰੀ ਨਹੀਂ ਹੋ ਸਕੇਗੀ।
ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਨਾ ਪੁੱਜਣ ਦਾ ਕਾਰਨ
ਉਧਰ, ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪੋਸਟ ਪਾ ਕੇ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਆਪਣੇ ਚਹੇਤਿਆਂ ਨੂੰ ਦੱਸਿਆ ਕਿ 3 ਨਵੰਬਰ ਹਾਕੀ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਅਖਾੜੇ ਲਈ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ। ਬੱਬੂ ਮਾਨ ਨੇ ਲਿਖਿਆ ਕਿ ਅਖਾੜੇ ਲਵਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਲਿਖਤੀ ਤੇ ਕਾਨੂੰਨੀ ਇਜਾਜ਼ਤ ਲਿਆ ਕਰਨ ਤੇ ਫਿਰ ਹੀ ਤਰੀਕ ਦਾ ਐਲਾਨ ਕਰਿਆ ਕਰਨ। ਇਸ ਤਰ੍ਹਾਂ ਅਖਾੜਾ ਨਾ ਹੋਣ ਦੀ ਸੂਰਤ ’ਚ ਗੀਤਾਂ ਨੂੰ ਪਿਆਰ ਕਰਨ ਵਾਲੇ ਤੇ ਚਾਹੁਣ ਵਾਲਿਆਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ।