ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਟਲੀ; ਮਿਸ਼ਨ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਫਿਲਹਾਲ ਟਾਲ ਦਿਤੀ ਗਈ ਹੈ। ਦਰਅਸਲ, ਤਕਨੀਕੀ ਖਰਾਬੀ ਕਾਰਨ ਉਡਾਣ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਲਾਂਚ ਦੀ ਨਵੀਂ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। 

ਵਿਲੀਅਮਜ਼ ਮੰਗਲਵਾਰ ਨੂੰ ਤੀਜੀ ਪੁਲਾੜ ਯਾਤਰਾ ‘ਤੇ ਜਾਣ ਵਾਲੀ ਸੀ। ਸੁਨੀਤਾ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ‘ਤੇ ਭਾਰਤੀ ਸਮੇਂ ਅਨੁਸਾਰ ਸਵੇਰੇ 8.04 ਵਜੇ ਫਲੋਰੀਡਾ ਦੇ ਕੇਪ ਕੌਰਨਵਾਲ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨੀ ਸੀ। ਹਾਲਾਂਕਿ ਉਡਾਣ ਭਰਨ ਤੋਂ ਕਰੀਬ 90 ਮਿੰਟ ਪਹਿਲਾਂ ਵਿਗਿਆਨੀਆਂ ਨੇ ਪੁਲਾੜ ਯਾਨ ਦੇ ਆਕਸੀਜਨ ਵਾਲਵ ‘ਚ ਤਕਨੀਕੀ ਖਰਾਬੀ ਦਾ ਪਤਾ ਲਗਾਇਆ, ਜਿਸ ਕਾਰਨ ਉਡਾਣ ਟਾਲ ਦਿਤੀ ਗਈ। ਵਿਲੀਅਮਜ਼ ਦੇ ਨਾਲ ਨਾਸਾ ਦੇ ਵਿਗਿਆਨੀ ਬੈਰੀ ਵਿਲਮੋਰ ਵੀ ਬੋਇੰਗ ਦੇ ਪੁਲਾੜ ਯਾਨ ‘ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਸਨ।

ਵਿਲੀਅਮਜ਼ ਨੇ ਪੁਲਾੜ ਵਿਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਉਸ ਦੇ ਨਾਮ ਪੁਲਾੜ ਵਿਚ ਸੱਭ ਤੋਂ ਵੱਧ ਘੰਟੇ ਬਿਤਾਉਣ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ, 2006 ਨੂੰ ਪੁਲਾੜ ਗਈ ਸੀ ਅਤੇ 22 ਜੂਨ, 2007 ਤਕ ਪੁਲਾੜ ਵਿਚ ਰਹੀ। ਵਿਲੀਅਮਜ਼ ਨੇ ਰਿਕਾਰਡ 29 ਘੰਟੇ ਅਤੇ 17 ਮਿੰਟਾਂ ਲਈ ਚਾਰ ਵਾਰ ਸਪੇਸਵਾਕ ਕੀਤਾ। ਇਸ ਤੋਂ ਬਾਅਦ ਸੁਨੀਤਾ ਵਿਲੀਅਮਜ਼ 14 ਜੁਲਾਈ 2012 ਨੂੰ ਦੂਜੀ ਪੁਲਾੜ ਯਾਤਰਾ ‘ਤੇ ਗਈ ਅਤੇ 18 ਨਵੰਬਰ 2012 ਤਕ ਪੁਲਾੜ ‘ਚ ਰਹੀ। ਵਿਲੀਅਮਜ਼ (59) ਨੇ ਕਿਹਾ ਕਿ ਉਹ ਉਡਾਣ ਤੋਂ ਪਹਿਲਾਂ ਘਬਰਾ ਗਈ ਸੀ ਪਰ ਨਵੇਂ ਪੁਲਾੜ ਯਾਨ ਵਿਚ ਉਡਾਣ ਭਰਨ ਲਈ ਵੀ ਉਤਸ਼ਾਹਿਤ ਸੀ। ਵਿਲੀਅਮਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਨ੍ਹਾਂ ਲਈ ਦੂਜੇ ਘਰ ਵਰਗਾ ਹੈ।

Leave a Reply

Your email address will not be published. Required fields are marked *