ਸੁਖਬੀਰ ਸਿੰਘ ਬਾਦਲ ਦੇ ਬਿਆਨ ’ਤੇ ‘ਆਪ’ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ਸੁਖਬੀਰ ਨੇ ਮੰਨਿਆ ਬਾਲਾਸਰ ਫਾਰਮ ਤੇ ਗੁਰੂਗ੍ਰਾਮ ਦਾ ਪਲਾਟ ਉਨ੍ਹਾਂ ਦਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਆਨ ’ਚ ਬਾਲਾਸਰ ਫਾਰਮ, ਨਹਿਰ ਤੇ ਗੁਰੂਗ੍ਰਾਮ ਦੇ ਪਲਾਟ ਬਾਰੇ ਤੱਥ ਮੰਨ ਲਏ ਹਨ। ਆਪ ਨੇ ਕਿਹਾ ਕਿ ਬਾਦਲ ਪਰਿਵਾਰ ਦਹਾਕਿਆਂ ਤੋਂ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ, ਪਰ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨਾਲ ਉਨ੍ਹਾਂ ਦੇ ਵਿਸ਼ਵਾਸਘਾਤ ਦੇ ਦਸਤਾਵੇਜ਼ ਸਾਹਮਣੇ ਲੈ ਕੇ ਆਏ ਹਨ ਤਾਂ ਸੁਖਬੀਰ ਬਾਦਲ ਨੂੰ ਵੀ ਪੁਰਾਣੇ ਦਸਤਾਵੇਜ਼ ਲੱਭਣ ਲਈ ਮਜਬੂਰ ਹੋਣਾ ਪਿਆ ਹੈ।

ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ 4 ਜੁਲਾਈ 1978 ਦਾ ਪੱਤਰ ਰਿਕਾਰਡ ’ਚ ਹੈ, ਜਿੱਥੇ ਉਨ੍ਹਾਂ ਨੇ ਐੱਸਵਾਈਐੱਲ ਦੇ ਨਿਰਮਾਣ ਲਈ ਹਰਿਆਣਾ ਤੋਂ ਪੈਸੇ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੱਤਰਾਂ ਨੂੰ ਪ੍ਰਮਾਣਿਤ ਕੀਤਾ ਤੇ ਆਪਣੇ ਫ਼ੈਸਲੇ ’ਚ ਕਿਹਾ ਕਿ ਪੰਜਾਬ ਸਰਕਾਰ ਐੱਸਵਾਈਐੱਲ ਨਹਿਰ ਬਣਾਉਣ ਲਈ ਤਿਆਰ ਹੈ। ਬਾਦਲ ਪਰਿਵਾਰ ਕਾਰਨ ਪੰਜਾਬ ਸਰਕਾਰ ਸੁਪਰੀਮ ਕੋਰਟ ’ਚ ਕੇਸ ਹਾਰ ਗਈ ਸੀ।

ਕੰਗ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ’ਚ ਉਨ੍ਹਾਂ ਦੀ ਸ਼ਹਾਦਤ ਇਹ ਹੈ ਕਿ ਜਦੋਂ ਪੰਜਾਬੀ ਸੂਬੇ ਦੇ ਤੱਟੀ ਅਧਿਕਾਰਾਂ ਲਈ ਲੜ ਰਹੇ ਸਨ ਤੇ ਆਪਣੇ ਜੀਵਨ ਦੀ ਸ਼ਹਾਦਤ ਦੇ ਰਹੇ ਸਨ, ਉਸ ਸਮੇਂ ਬਾਦਲ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਕਹਿ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਰੋਜ਼ਾਨਾ ਮੁਰਾਰਜੀ ਦੇਸਾਈ ਕੋਲ ਜਾ ਰਹੇ ਸਨ ਤੇ ਉਹ ਐੱਸਵਾਈਐੱਲ ਦੇ ਨਿਰਮਾਣ ਲਈ ਹਰਿਆਣਾ ਤੋਂ ਫੰਡ ਦੀ ਮੰਗ ਕਰਦੇ ਹੋਏ ਪੱਤਰ ਕਿਉਂ ਲਿਖ ਰਹੇ ਸਨ? ਅਦਾਲਤ ਨੇ ਇਹ ਕਿਉਂ ਨੋਟ ਕੀਤਾ ਕਿ ਪੰਜਾਬ ਸਰਕਾਰ ਐੱਸਵਾਈਐੱਲ ਦਾ ਨਿਰਮਾਣ ਕਰਨਾ ਚਾਹੁੰਦੀ ਹੈ?

ਕੰਗ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਨੇ ਨਹਿਰ ਬਣਾਉਣ ਲਈ ਹਰਿਆਣਾ ਤੋਂ ਇਕ ਕਰੋੜ ਦਾ ਪਹਿਲਾ ਚੈੱਕ ਮਨਜ਼ੂਰ ਕੀਤਾ। ਫਿਰ ਜੁਲਾਈ 1978 ’ਚ ਬਾਦਲ ਸਰਕਾਰ ਨੇ ਹਰਿਆਣਾ ਨੂੰ ਤਿੰਨ ਕਰੋੜ ਰੁਪਏ ਲਈ ਪੱਤਰ ਲਿਖਿਆ ਤੇ 31 ਮਾਰਚ 1979 ਨੂੰ 1.5 ਕਰੋੜ ਹਾਸਲ ਕੀਤੇ। ਕੰਗ ਨੇ ਕਿਹਾ ਕਿ ਭਾਖੜਾ ਮੇਨ ਲਾਈਨ 1955 ’ਚ ਬਣੀ, ਇਹ ਸੱਚ ਹੈ, ਪਰ ਬਾਲਾਸਰ ਨਹਿਰ 2004 ਤੱਕ ਸੁੱਕੀ ਸੀ। ਇਹ ਬਾਦਲ ਪਰਿਵਾਰ ਦਾ ਹਰਿਆਣਾ ਦੇ ਚੌਟਾਲਾ ਨਾਲ ਇਕ ਜ਼ਬਾਨੀ ਸਮਝੌਤਾ ਸੀ ਉਸ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਮਿਲੇਗਾ।

ਆਪ ਦੇ ਬੁਲਾਰੇ ਨੇ ਕਿਹਾ ਕਿ ਅਸਲ ’ਚ ਬਾਦਲ ਪਰਿਵਾਰ ਹੀ ਐੱਸਵਾਈਐੱਲ ਲਈ ਜ਼ਮੀਨ ਅਕਵਾਇਰ, ਸੁਪਰੀਮ ਕੋਰਟ ’ਚ ਕੇਸ ਹਾਰਨ, ਪੰਜਾਬ ਦੇ ਉਸ ਦੇ ਤੱਟੀ ਅਧਿਕਾਰਾਂ ਨੂੰ ਲੁੱਟਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਇਸ ਲਈ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਹਮੇਸ਼ਾ ਆਪਣੇ ਨਿੱਜੀ ਸੁਆਰਥਾਂ ਨੂੰ ਪੰਜਾਬ ਦੇ ਹਿੱਤਾਂ ਤੋਂ ਉੱਪਰ ਰੱਖਿਆ।

Leave a Reply

Your email address will not be published. Required fields are marked *