ਸਿੰਗਾਪੁਰ ਤੇ ਹਾਂਗਕਾਂਗ ਤੋਂ ਬਾਅਦ ਅਮਰੀਕਾ ‘ਚ ਵੀ MDH ਤੇ ਐਵਰੈਸਟ ਦੇ ਮਸਾਲਿਆਂ ‘ਤੇ ਲੱਗੇਗੀ ਪਾਬੰਦੀ
ਭਾਰਤ ਦੀਆਂ ਵੱਡੀਆਂ ਮਸਾਲਾ ਕੰਪਨੀਆਂ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ, ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਨੇ ਕਥਿਤ ਤੌਰ ‘ਤੇ ਭਾਰਤ ਤੋਂ ਨਿਰਯਾਤ ਕੀਤੇ ਮਸਾਲਿਆਂ ਵਿਚ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਕੀਟਨਾਸ਼ਕ ‘ਈਥਲੀਨ ਆਕਸਾਈਡ’ ਪਾਇਆ ਸੀ। ਇਸ ਕਾਰਨ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਨੇ ਦੋ ਵੱਡੀਆਂ ਭਾਰਤੀ ਮਸਾਲਾ ਕੰਪਨੀਆਂ ਐਵਰੈਸਟ ਅਤੇ MDH ਦੇ ਉਤਪਾਦਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਅਮਰੀਕਾ ‘ਚ ਵੀ ਭਾਰਤੀ ਮਸਾਲਿਆਂ ‘ਤੇ ਪਾਬੰਦੀ
ਹੁਣ ਅਮਰੀਕਾ ਨੇ ਵੀ ਭਾਰਤ ਤੋਂ ਦਰਾਮਦ ਹੋਣ ਵਾਲੇ ਮਸਾਲਿਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਭਾਰਤੀ ਮਸਾਲਾ ਕੰਪਨੀਆਂ – MDH ਅਤੇ ਐਵਰੈਸਟ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਿਹਾ ਹੈ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਇਨ੍ਹਾਂ ਮਸਾਲਿਆਂ ਵਿਚ ਕੀਟਨਾਸ਼ਕਾਂ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਕੈਂਸਰ ਦਾ ਖਤਰਾ ਹੋਵੇਗਾ।
ਐਫਡੀਏ ਦੇ ਬੁਲਾਰੇ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ, ‘ਅਸੀਂ ਭਾਰਤੀ ਮਸਾਲਿਆਂ ਨਾਲ ਸਬੰਧਤ ਰਿਪੋਰਟਾਂ ਤੋਂ ਜਾਣੂ ਹਾਂ। ਅਸੀਂ ਕਿਸੇ ਵੀ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਾਂ।
ਹਾਂਗਕਾਂਗ ਅਤੇ ਸਿੰਗਾਪੁਰ ਨੇ ਕੀਤੀ ਕਾਰਵਾਈ
ਹਾਲ ਹੀ ਵਿੱਚ, ਹਾਂਗਕਾਂਗ ਨੇ MDH ਅਤੇ ਐਵਰੈਸਟ ਫਿਸ਼ ਕਰੀ ਮਸਾਲਿਆਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਸਿੰਗਾਪੁਰ ਨੇ ਐਵਰੈਸਟ ਮਸਾਲਾ ਨੂੰ ਵਾਪਸ ਲੈਣ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਬਹੁਤ ਜ਼ਿਆਦਾ ਐਥੀਲੀਨ ਆਕਸਾਈਡ ਹੈ। ਇਸ ਦੀ ਵਰਤੋਂ ਮਨੁੱਖੀ ਖਪਤ ਲਈ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਲੰਬੇ ਸਮੇਂ ਤੱਕ ਇਨ੍ਹਾਂ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਕੈਂਸਰ ਵੀ ਹੋ ਸਕਦਾ ਹੈ।
ਹਾਂਗਕਾਂਗ ਅਤੇ ਸਿੰਗਾਪੁਰ ਦੀ ਕਾਰਵਾਈ ਤੋਂ ਬਾਅਦ ਭਾਰਤੀ ਰੈਗੂਲੇਟਰੀ ਨੇ ਵੀ ਮਸਾਲਿਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। MDH ਅਤੇ Everest ਭਾਰਤ ਵਿੱਚ ਮਸਾਲਿਆਂ ਦੇ ਸਭ ਤੋਂ ਪ੍ਰਸਿੱਧ ਬ੍ਰਾਂਡ ਹਨ। ਉਨ੍ਹਾਂ ਦੇ ਉਤਪਾਦ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਵੀ ਵੇਚੇ ਜਾਂਦੇ ਹਨ।