ਸਾਬਕਾ CM ਚੰਨੀ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਰੂਪਨਗਰ ਪੁਲਿਸ ਨੇ ਮਹਾਰਾਸ਼ਟਰ ਤੋਂ ਕੀਤਾ ਕਾਬੂ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਰੋਪੜ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਮੰਤ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਮੁਲਜ਼ਮ ਉੱਪਰ ਫਿਰੌਤੀ ਮੰਗਣ ਦਾ ਵੀ ਇਲਜ਼ਾਮ ਹੈ।
ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਸੋਮਵਾਰ ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਧਮਕੀ ਦੇਣ ਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਮੋਰਿੰਡਾ ਥਾਣੇ ‘ਚ ਐੱਫਆਈਆਰ ਕਰਵਾਈ ਗਈ ਸੀ ਜਿਸ ਤਹਿਤ ਕਾਰਵਾਈ ਕਰਦਿਆਂ ਰੋਪੜ ਪੁਲਿਸ ਨੇ ਦੀਪਕ ਸ਼੍ਰੀਮੰਤ ਨੂੰ ਨਾਗਪੁਰ ਤੋਂ 15 ਮਾਰਚ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਇਕ ਲੈਪਟਾਪ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਵੇਲੇ ਸਟਾਕ ਦਾ ਕੰਮ ਕਰਦਾ ਹੈ। ਉਹ ਪੜ੍ਹਿਆ ਲਿਖਿਆ ਹੈ ਤੇ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ। ਉਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਉਹ ਅਕਾਊਂਟ ਡਿਲੀਟ ਕਰ ਦਿੱਤਾ ਹੈ ਜਿਸ ਜ਼ਰੀਏ ਉਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੂ ਨੂੰ ਵ੍ਹਟਸਐਪ ਕਾਲ ਕਰ ਕੇ ਦੋ ਕਰੜ ਦੀ ਫਿਰੌਤੀ ਮੰਗੀ ਸੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁੱਛਗਿੱਛ ਲਈ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।