ਸ਼ਹੀਦੀ ਦਿਨ ‘ਤੇ ਵਿਸ਼ੇਸ਼ : 1971 ਦੀ ਭਾਰਤ-ਪਾਕਿ ਜੰਗ ’ਚ ਸਿਪਾਹੀ ਨਛੱਤਰ ਸਿੰਘ ਨੇ ਪੀਤਾ ਸੀ ਸ਼ਹੀਦੀ ਜਾਮ, ਉਸ ਵੇਲੇ ਧੀ ਸੀ 6 ਮਹੀਨੇ ਦੀ
ਭਾਰਤ-ਪਾਕਿਸਤਾਨ ਦੀ ਸੰਨ 1971 ’ਚ ਹੋਈ ਜੰਗ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਗੇਹਲੇ ਦਾ ਸਿਪਾਹੀ ਨਛੱਤਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਗਿਆ ਸੀ। ਪਿੰਡ ਗੇਹਲੇ ’ਚ ਹੁਣ ਸ਼ਹੀਦ ਨਛੱਤਰ ਸਿੰਘ ਦੀ ਪਤਨੀ, ਧੀ ਤੇ ਉਸ ਦੇ ਭਰਾਵਾਂ ਦਾ ਵੱਡਾ ਪਰਿਵਾਰ ਹੈ, ਜੋ ਉਸ ਦੀ ਨਛੱਤਰ ਸਿੰਘ ਦੀ ਸ਼ਹੀਦੀ ’ਤੇ ਪੂਰਾ ਮਾਣ ਕਰਦਾ ਹੈ।
ਸ਼ਹੀਦ ਨਛੱਤਰ ਸਿੰਘ ਦੀ ਪਤਨੀ ਭਰਪੂਰ ਕੌਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੀ 1971 ਦੀ ਜੰਗ ਵੇਲੇ ਟੈਲੀਵਿਜ਼ਨ ਨਹੀਂ ਸਨ ਪਰ ਰੇਡੀਓ ’ਤੇ ਹਰ ਕੋਈ ਖ਼ਬਰ-ਸਾਰ ਰੱਖਦਾ ਸੀ। ਇਕ ਦਿਨ ਪਤਾ ਲੱਗਾ ਕਿ ਸਿਪਾਹੀ ਨਛੱਤਰ ਸਿੰਘ ਵੈਰੀਆਂ ਨਾਲ ਲੋਹਾ ਲੈਂਦਾ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। 12 ਦਸੰਬਰ 1971 ਨੂੰ ਜਦ ਉਸ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਉਸ ਸਮੇਂ ਪਿੱਛੇ ਨਛੱਤਰ ਸਿੰਘ ਦੀ ਪਤਨੀ ਤੇ ਉਸ ਦੀ 6 ਮਹੀਨੇ ਦੀ ਧੀ ਵਿੰਦਰ ਕੌਰ ਰਹਿ ਗਈ।
ਨਛੱਤਰ ਸਿੰਘ ਦੇ ਭਰਾ ਜਰਨੈਲ ਸਿੰਘ ਦਾ ਆਖਣਾ ਹੈ ਕਿ ਸ਼ਹੀਦ ਫ਼ੌਜੀ ਨਛੱਤਰ ਸਿੰਘ ਦਾ ਜਨਮ 28 ਦਸੰਬਰ 1947 ਨੂੰ ਪਿੰਡ ਗੇਹਲੇ ਜ਼ਿਲ੍ਹਾ ਬਠਿੰਡਾ ਜੋ ਹੁਣ ਜ਼ਿਲ੍ਹਿਾ ਮਾਨਸਾ ਬਣ ਗਿਆ, ’ਚ ਪਿਤਾ ਵਿਸਾਖਾ ਸਿੰਘ ਦੇ ਘਰ ਤੇ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਨਛੱਤਰ ਸਿੰਘ ਮਿਹਨਤਕਸ਼ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ ਤੇ ਸੱਤ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਉਸ ਸਮੇਂ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਨਛੱਤਰ ਸਿੰਘ ਮਜ਼ਦੂਰੀ ਕਰਨ ਲੱਗ ਪਿਆ। ਉਹ ਦਿਹਾੜੀ ’ਤੇ ਜਾਂਦਾ ਤਾਂ ਆਪਣੇ ਸਾਥੀਆਂ ਨਾਲ ਗੱਲਾਂ ਕਰਦਾ ਕਿ ਜੇ ਆਪਣੇ ਪਿੰਡ ਗੇਹਲੇ ’ਚ ਸਕੂਲ ਹੁੰਦਾ ਤਾਂ ਉਹ ਇੱਥੇ ਹੀ ਪੜ੍ਹਦੇ। ਉਨ੍ਹਾਂ ਸਮਿਆਂ ’ਚ ਪਿੰਡ ਗੇਹਲੇ ਵਿਚ ਸਕੂਲ ਨਹੀਂ ਸੀ। ਬੱਚੇ ਪਿੱਪਲ ਥੱਲੇ ਪੜ੍ਹਨ ਲਈ ਜਾਂਦੇ ਸਨ ਅਤੇ ਉਹ ਪਿੱਪਲ ਅੱਜ ਵੀ ਪਿੰਡ ’ਚ ਮੌਜੂਦ ਹੈ।
ਜਰਨੈਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਇਕ ਦਿਨ ਮਾਨਸਾ ਦੇ ਨੇੜੇ ਪਿੰਡ ਵਿਚ ਫੌਜ ਦੀ ਭਰਤੀ ਹੋਈ ਤਾਂ ਬਿਨਾਂ ਦੱਸੇ ਜਾ ਕੇ 28 ਦਸੰਬਰ 1965 ਨੂੰ ਫ਼ੌਜ ’ਚ ’ਚ ਭਰਤੀ ਹੋ ਗਿਆ। ਪਰਿਵਾਰਕ ਮੈਂਬਰਾਂ ਨੂੰ ਘਰ ਦੇ ਆਰਥਿਕ ਹਾਲਤ ਸੁਧਰਨ ਦੀ ਆਸ ਬੱਝੀ। ਨਛੱਤਰ ਸਿੰਘ ਵੀ ਆਪਣੇ ਘਰ ਦੇ ਹਾਲਾਤ ਬਾਰੇ ਵਾਕਿਫ਼ ਸੀ। ਛੁੱਟੀ ਆਉਂਦਾ ਤਾਂ ਆਪਣੇ ਦੋਸਤਾਂ, ਮਿੱਤਰਾਂ ਨਾਲ ਨਿੱਘੇ ਸੁਭਾਅ ਨਾਲ ਮਿਲਦਾ ਤੇ ਕਦੇ ਵੀ ਫ਼ੌਜ ’ਚ ਭਰਤੀ ਹੋਣ ਤੇ ਉਨ੍ਹਾਂ ਦੇ ਦਿਹਾੜੀ ਕਰਨ ਦੀ ਗੱਲ ਨਾਲ ਵਿਤਕਰੇਬਾਜ਼ੀ ਨਾ ਕੀਤੇ ਜਾਣ ਕਾਰਨ ਮਿੱਤਰਤਾ ਹੋਰ ਗੂੜੀ ਹੋਈ। ਜਰਨੈਲ ਨੇ ਦੱਸਿਆ ਕਿ ਜਦ ਨਛੱਤਰ ਫ਼ੌਜ ਦੀ ਸੇਵਾ ਨਿਭਾਉਣ ਲੱਗਿਆ ਤਾਂ ਘਰ ਵਾਲਿਆਂ ਨੇ ਉਸ ਨਾਲ ਸਲਾਹ-ਮਸ਼ਵਰਾ ਕਰ ਕੇ ਵਿਆਹ ਭਰਪੂਰ ਕੌਰ ਨਾਲ ਕਰ ਦਿੱਤਾ। ਨਛੱਤਰ ਸਿੰਘ ਵਿਆਹ ਤੋਂ ਬਾਅਦ ਨੌਕਰੀ ’ਤੇ ਚਲਿਆ ਗਿਆ। ਇਸੇ ਦੌਰਾਨ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗ ਗਈ ਜਿਸ ’ਚ ਗੋਲੀ ਲੱਗਣ ਨਾਲ ਉਹ ਸ਼ਹੀਦ ਹੋ ਗਿਆ।
ਬਹਾਦਰੀ ਨਾਲ ਲੜਦਾ ਸ਼ਹੀਦ ਹੋਇਆ ਨਛੱਤਰ
ਕੈਪਟਨ ਕ੍ਰਿਸ਼ਨ ਸਿੰਘ ਕੈਲੇ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ਨੇੜੇ ਉਹ ਖਿਆਲਾ ਸਥਾਨ ਵਿਖੇ ਡਿਊਟੀ ’ਤੇ ਸੀ। ਉਹ ਦੱਸਦੇ ਹਨ ਕਿ ਨਛੱਤਰ ਸਿੰਘ ਤੇ ਉਨ੍ਹਾਂ ਦੇ ਸਾਥੀ ਉਸ ਸਮੇਂ ਰੇਕੀ ’ਤੇ ਸਨ। ਜਦ ਦੁਸ਼ਮਣਾਂ ਨਾਲ ਟਾਕਰਾ ਹੋਇਆ ਤਾਂ ਨਛੱਤਰ ਸਿੰਘ ਬਹਾਦਰੀ ਨਾਲ ਲੜਿਆ ਤੇ 5 ਗੋਲੀਆਂ ਉਸ ਦੇ ਲੱਗੀਆਂ। ਉਨ੍ਹਾਂ ਦੱਸਿਆ ਕਿ ਨਛੱਤਰ ਸਿੰਘ ਦੇਲਰ ਸੀ ਤੇ ਹਮੇਸ਼ਾ ਦੇਸ਼ ਲਈ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਸੀ।
ਨਛੱਤਰ ਸਿੰਘ ਦਾ ਰਹਿ ਗਿਆ ਚਮਕਦਾ ਨਾਂ
ਨਛੱਤਰ ਸਿੰਘ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਪਿੰਡ ਵਿਚ ਸਕੂਲ ਵੀ ਉਸ ਦੇ ਨਾਂ ’ਤੇ ਬਣ ਗਿਆ ਤੇ ਨਛੱਤਰ ਦੇ ਘਰ ਤੱਕ ਸੜਕ ਵੀ ਪੱਕੀ ਹੋ ਗਈ ਜੋ ਸਿਰਸਾ ਰੋਡ ਨੂੰ ਤਲਵੰਡੀ ਸਾਬੋ ਨਾਲ ਜੋੜਦੀ ਹੈ। ਪਿੰਡ ਵਿਚ ਨਛੱਤਰ ਸਿੰਘ ਦੇ ਨਾਂ ’ਤੇ ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ (ਗੇਹਲੇ) ਵੀ ਹੈ ਜੋ ਪਿੰਡ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਸਭ ਕੁਝ ਹੋ ਗਿਆ ਪਰ ਰਹਿ ਗਿਆ ਤਾਂ ਸਿਤਾਰੇ ਵਾਂਗ ਚਮਕਦਾ ਨਛੱਤਰ ਸਿੰਘ ਦਾ ਨਾਂ, ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।
ਨਛੱਤਰ ਸਿੰਘ ਦੀ ਯਾਦ ’ਚ ਸਹਿਜ ਪਾਠ ਦਾ ਭੋਗ 13 ਨੂੰ
ਸ਼ਹੀਦ ਨਛੱਤਰ ਸਿੰਘ ਦਾ ਪਰਿਵਾਰ ਪਿੰਡ ਗੇਹਲੇ ’ਚ ਰਹਿ ਰਿਹਾ ਹੈ। ਨਛੱਤਰ ਸਿੰਘ ਦੀ ਘਰਵਾਲੀ ਭਰਪੂਰ ਕੌਰ, ਜੋ ਨਛੱਤਰ ਸਿੰਘ ਦੇ ਭਤੀਜੇ ਮੱਖਣ ਸਿੰਘ ਤੇ ਬਲਦੇਵ ਸਿੰਘ ਦੇ ਨਾਲ ਰਹਿ ਰਹੇ ਹਨ। ਉਹ ਉਸ ਦੀ ਟਹਿਲ ਸੇਵਾ ਕਰਦੇ ਹਨ। ਪਰਿਵਾਰ ਵੱਲੋਂ ਸ਼ਹੀਦ ਨਛੱਤਰ ਸਿੰਘ ਦੀ ਯਾਦ ਵਿਚ ਪਰਿਵਾਰ ਵੱਲੋਂ 4 ਲੱਖ ਦੀ ਲਾਗਤ ਨਾਲ ਜ਼ਮੀਨ ਖ਼ਰੀਦ ਕੇ ਉਸ ਦੀ ਯਾਦਗਾਰ ਵਜੋਂ ਬੁੱਤ ਦੀ ਉਸਾਰੀ ਕਰਵਾਈ ਗਈ ਹੈ। ਨਛੱਤਰ ਸਿੰਘ ਦੀ ਯਾਦ ਵਿਚ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਰਖਵਾਇਆ ਗਿਆ ਜਿਸ ਦਾ ਭੋਗ 13 ਦਸੰਬਰ 2023 ਨੂੰ ਪਿੰਡ ਗੇਹਲੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ। ਗੇਹਲੇ ਪਿੰਡ ਸ਼ਹੀਦ ਸਿਪਾਹੀ ਨਛੱਤਰ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦਾ ਹੈ।