ਸ਼ਹੀਦੀ ਜੋੜ ਮੇਲ ਮੌਕੇ ਇਲਾਹੀ ਰੰਗ ‘ਚ ਰੰਗੀ ਚਮਕੌਰ ਸਾਹਿਬ ਦੀ ਧਰਤੀ, ਥਾਂ-ਥਾਂ ਲੱਗੇ ਗੁਰੂ ਕੇ ਲੰਗਰ

Shaheedi Jor Mela 2023: ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ-ਮੇਲ ਅੱਜ ਚਮਕੌਰ ਸਾਹਿਬ ਵਿਖੇ ਸ਼ੁਰੂ ਹੋ ਗਿਆ ਹੈ। ਜੋੜ-ਮੇਲ ਦੇ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੰਚ ਤੋਂ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਤੇ ਗੁਰਬਾਣੀ ਵਿਆਖਿਆ ਕੀਤੀ।

ਗੁਰਦੁਆਰੇ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਇਹ ਦੀਵਾਨ 23 ਦਸੰਬਰ ਦੇਰ ਰਾਤ ਤੱਕ ਸਜਣਗੇ। ਸਮਾਗਮ ਦੇ ਪਹਿਲੇ ਦਿਨ ਅੱਜ ਸ਼ਹਿਰ ਦੇ ਬਾਜ਼ਰਾਂ ਵਿੱਚ ਸੰਗਤਾਂ ਦੀ ਪੂਰੀ ਚਹਿਲ-ਪਹਿਲ ਰਹੀ ਤੇ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਵੀ ਪਹੁੰਚੇ, ਜਿਨ੍ਹਾਂ ਦਾ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਅਤੁੱਟ ਲੰਗਰ ਵੀ ਵਰਤਾਏ ਜਾ ਰਹੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ, ਡੀਐਸਪੀ ਜਰਨੈਲ ਸਿੰਘ ਤੇ ਥਾਣਾ ਮੁਖੀ ਹਰਸ਼ ਮੋਹਣ ਗੌਤਮ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਸਮਾਗਮ ਦੇ ਦੂਜੇ ਦਿਨ 22 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਵੀ ਹੋਣਗੀਆਂ।

ਭਾਈ ਨੱਥਾ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬਾਨ ਸਮੇਤ ਹੋਰ ਅਕਾਲੀ ਦਲ ਦੇ ਆਗੂ ਪਹੁੰਚਣਗੇ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ (1920) ਦੇ ਪ੍ਰਧਾਨ ਸਾਬਕਾ ਸਪੀਕਰ ਰਵੀਇੰਦਰ ਸਿੰਘ ਰਵੀ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚ ਰਹੇ ਹਨ।

Leave a Reply

Your email address will not be published. Required fields are marked *