ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ
ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ ‘ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 ‘ਚ ਜੈਵਲਿਨ ਥਰੋਅ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ ‘ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ 27 ਸਾਲਾ ਅਰਸ਼ਦ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਹ ਉਨ੍ਹਾਂ ਨੂੰ ਮੱਝ ਬਦਲੇ ਜ਼ਮੀਨ ਦੇ ਸਕਦੇ ਸਨ। ਪਾਕਿਸਤਾਨੀ ਅਥਲੀਟ ਨੇ ਇਸ ਘਟਨਾ ‘ਤੇ ਆਪਣੀ ਸ਼ੁਰੂਆਤੀ ਪ੍ਰਤੀਕਿਰਿਆ ਵੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਤੋਹਫੇ ਦੀ ਚੋਣ ਤੋਂ ਹੈਰਾਨ ਹਨ ਕਿਉਂਕਿ ਉਨ੍ਹਾਂ ਦੇ ਸਹੁਰੇ ਕਾਫੀ ਅਮੀਰ ਹਨ।
ਨਦੀਮ ਨੇ ਕਿਹਾ, ‘ਉਹ ਉਥੇ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਅਤੇ ਮੈਂ ਕਿਹਾ ਮੱਝ? ਉਹ ਮੈਨੂੰ ਪੰਜ ਏਕੜ ਜ਼ਮੀਨ ਦੇ ਸਕਦੇ ਸਨ। ਪਰ ਫਿਰ ਮੈਂ ਕਿਹਾ ਠੀਕ ਹੈ, ਉਨ੍ਹਾਂ ਨੇ ਮੈਨੂੰ ਮੱਝ ਦਿੱਤੀ, ਇਹ ਵੀ ਚੰਗੀ ਗੱਲ ਹੈ। ਉਨ੍ਹਾਂ ਨੂੰ ਕੁਝ ਇੰਟਰਵਿਊਜ਼ ਰਾਹੀਂ ਇਸ ਬਾਰੇ ਪਤਾ ਲੱਗਾ ਅਤੇ ਉਹ ਮੇਰੇ ਕੋਲ ਆਈ ਅਤੇ ਮੈਨੂੰ ਇਸ ਬਾਰੇ ਦੱਸਿਆ। ਮੈਂ ਕਿਹਾ, ‘ਇਕ ਮੱਝ?’ ਭਗਵਾਨ ਦੀ ਕਿਰਪਾ ਨਾਲ ਉਹ ਇੰਨੇ ਅਮੀਰ ਹਨ ਤੇ ਮੱਝ ਦਿੱਤੀ?
ਇਸ ਦੌਰਾਨ ਆਪਣੀ ਇਸ ਪ੍ਰਾਪਤੀ ਤੋਂ ਬਾਅਦ ਨਦੀਮ ਨੂੰ ਕਈ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸਭ ਤੋਂ ਖਾਸ ਤੋਹਫ਼ਾ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਆਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰ – 92.97 ਦੇ ਨਾਲ ਇੱਕ ਨਵੀਂ ਹੌਂਡਾ ਸਿਵਿਕ ਤੋਹਫ਼ਾ ਦੇ ਰੂਪ ‘ਚ ਦਿੱਤੀ। ਉਨ੍ਹਾਂ ਨੇ ਨਦੀਮ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ ਲਈ 10 ਕਰੋੜ ਪਾਕਿਸਤਾਨੀ ਰੁਪਏ ਦਾ ਚੈੱਕ ਵੀ ਸੌਂਪਿਆ। ਓਲੰਪੀਅਨ ਨੂੰ ਪਾਕਿਸਤਾਨ ਦਾ ਦੂਜਾ ਸਰਵਉੱਚ ਨਾਗਰਿਕ ਪੁਰਸਕਾਰ ਹਿਲਾਲ-ਏ-ਇਮਤਿਆਜ਼ ਵੀ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਦੀਮ ਲਈ 150 ਮਿਲੀਅਨ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ।