ਸਰਕਾਰੀ ਨੌਕਰੀ ’ਚ ਖਿਡਾਰੀਆਂ ਨੂੰ ਮਿਲੇਗਾ ਪੰਜ ਫ਼ੀਸਦੀ ਕੋਟਾ, ਖੇਡ ਨਿਰਦੇਸ਼ਕ ਨੇ ਐਡਵਾਈਜ਼ਰ ਅੱਗੇ ਰੱਖਿਆ ਖੇਡ ਨੀਤੀ ਦਾ ਖਰੜਾ
ਖੇਡ ਵਿਭਾਗ ਨੇ ਖੇਡ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ। ਖੇਡ ਨੀਤੀ ’ਚ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਚੰਡੀਗੜ੍ਹ ’ਚ ਨਿਕਲਣ ਵਾਲੀਆਂ ਗਰੁੱਪ ਸੀ ਤੇ ਡੀ ਦੀਆਂ ਸਰਕਾਰੀ ਨੌਕਰੀਆਂ ਦੇ ਖਿਡਾਰੀਆਂ ਲਈ ਪੰਜ ਫੀਸਦੀ ਕੋਟਾ ਰਾਖਵਾਂ ਰਹੇਗਾ। ਇਹ ਖੇਡ ਨੀਤੀ ਹਰ ਹਾਲ ਵਿਚ ਮਈ ਮਹੀਨੇ ਦੇ ਅੰਤ ਤਕ ਫਾਈਨਲ ਹੋ ਜਾਵੇਗੀ।
ਯੂਟੀ ਸਕੱਤਰੇਤ ’ਚ ਸੋਮਵਾਰ ਨੂੰ ਖੇਡ ਵਿਭਾਗ ਦੇ ਨਿਰਦੇਸ਼ਕ ਸੌਰਭ ਕੁਮਾਰ ਅਰੋੜਾ ਨੇ ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ ਅੱਗੇ ਖੇਡ ਨੀਤੀ ਦਾ ਖਰੜਾ ਰੱਖਿਆ। ਖੇਡ ਵਿਭਾਗ ਵੱਲੋਂ ਤਿਆਰ ਖੇਡ ਨੀਤੀ ਵਿਚ ਖਿਡਾਰੀਆਂ ਨੂੰ ਜ਼ਮੀਨੀ ਪੱਧਰ ਤਿਆਰ ਕਰਨ ਲਈ ਸਕੂਲ ਪੱਧਰ ਤੋਂ ਹੀ ਤਿਆਰ ਕੀਤਾ ਜਾਵੇਗਾ।
ਨਵੀਂ ਖੇਡ ਨੀਤੀ ਵਿਚ ਰਾਸ਼ਟਰੀ ਤੇ ਕੌਮਾਂਤਰੀ, ਓਲੰਪਿਕ ਪੱਧਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਦੇ ਨਕਦ ਪੁਰਸਕਾਰ ਦਿੱਤੇ ਜਾਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਖੇਡ ਨੀਤੀ ਵਿਚ ਕੋਚਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਬਿਹਤਰੀਨ ਨਤੀਜਿਆਂ ਲਈ ਕੋਚ ਨੂੰ ਵੀ ਨਕਦ ਪੁਰਸਕਾਰ ਤੇ ਉਨ੍ਹਾਂ ਦੀ ਨਿਪੰੁਨਤਾ ਵਧਾਉਣ ਲਈ ਉਨ੍ਹਾਂ ਨੂੰ ਟ੍ਰੇਨਿੰਗ ਕਰਵਾਈ ਜਾਵੇਗੀ।
ਮੌਜੂਦਾ ਖੇਡ ਬੁਨਿਆਦੀ ਢਾਂਚੇ ਨੂੰ ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਿਕਸਿਤ ਕੀਤਾ ਜਾਵੇਗਾ। ਸਪੋਰਟਸ ਇੰਜਰੀ ਐਂਡ ਰੀਹੈਬਲੀਟੇਸ਼ਨ ਸੈਂਟਰ ਵੀ ਬਣੇਗਾ। ਇਸ ਤੋਂ ਇਲਾਵਾ ਖੇਡ ਨੀਤੀ ’ਚ ਜ਼ਖਮੀ ਖਿਡਾਰੀਆਂ ਲਈ ਤੁਰੰਤ ਪੁਨਰਵਾਸ ’ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਅਤਿ-ਆਧੁਨਿਕ ਸਪੋਰਟਸ ਇੰਜਰੀ ਐਂਡ ਰੀਹੈਬਲੀਟੇਸ਼ਨ ਸੈਂਟਰ ਵੀ ਬਣਾਇਆ ਜਾਵੇਗਾ। ਇਸ ਸੈਂਟਰ ’ਚ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਿਡਾਰੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਦੀ ਤਿਆਰੀ ਦੌਰਾਨ ਕਿਸੇ ਵੀ ਤਰ੍ਹਾਂ ਪਿੱਛੇ ਨਾ ਰਹੀਏ। ਇਸ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦਾ ਪ੍ਰਤੀਯੋਗਿਤਾ ਤੇ ਪ੍ਰੈਕਟਿਸ ਦੌਰਾਨ ਲੱਗਣ ਵਾਲੀਆਂ ਸੱਟਾਂ ਨੂੰ ਦੇਖਦੇ ਹੋਏ ਬੀਮਾ ਵੀ ਕਰਵਾਇਆ ਜਾਵੇਗਾ।