ਸਫ਼ਰ-ਏ-ਸ਼ਹਾਦਤ: ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਕਿਵੇਂ ਬਿਤਾਈਆਂ ਪੋਹ ਦੀਆਂ ਕਾਲੀਆਂ ਰਾਤਾਂ
ਫ਼ਲੇ ਮੁੱਢ-ਕਦੀਮ ਤੋਂ ਚੱਲਦੇ ਆਏ ਨੇ ਪਰ ਸ਼ਹਾਦਤ ਦੇ ਸਫ਼ਰ ਦਾ ਉਹ ਕਾਫ਼ਲਾ, ਜੋ ਗੁਰੂ ਨਾਨਕ ਦੇਵ ਜੀ ਨੇ ‘ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ’ ਦੇ ਫਲਸਫ਼ੇ ਨਾਲ ਸ਼ੁਰੂ ਕੀਤਾ ਸੀ, ਉਹ ਦੁਨੀਆ ਦੇ ਇਤਿਹਾਸ ‘ਚ ਨਿਵੇਕਲਾ ਹੈ। ਸ਼ਹਾਦਤ ਦੇ ਇਸ ਸਫ਼ਰ ‘ਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਤੱਤੀ ਤਵੀ ਉੱਤੇ ਬੈਠ ਕੇ ਪੂਰਨੇ ਪਾਏ ਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿਚ ਮਨੁੱਖਤਾ ਨੂੰ ਬਚਾਉਣ ਖ਼ਾਤਰ ਆਪਾ ਕੁਰਬਾਨ ਕੀਤਾ।
ਇਸ ਸਫ਼ਰ-ਏ-ਸ਼ਹਾਦਤ ਦਾ ਇਕ ਕਾਫ਼ਲਾ, ਜਿਸ ਦੀ ਅਗਵਾਈ ਮਰਦ ਅਗੰਮੜਾ ਸਾਹਿਬ-ਏ-ਕਮਾਲ ਸਤਿਗੁਰੂ ਗੋਬਿੰਦ ਸਿੰਘ ਜੀ ਕੀਤੀ। ਇਹ ਕਾਫ਼ਲਾ ਅਨੰਦ ਦੀ ਪੁਰੀ ਤੋਂ ਸਰਸਾ ਦੇ ਕੰਢੇ ਹੁੰਦਾ ਹੋਇਆ ਚਮਕੌਰ ਦੀ ਗੜ੍ਹੀ ਤਕ ਪੁੱਜਦਾ ਹੈ, ਜਿਸ ਵਿਚ ਦੁਨੀਆ ਦੀ ਅਨੋਖੀ ਤੇ ਅਸਾਵੀਂ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਹਨ ਤੇ ਦੂਜਾ ਕਾਫ਼ਲਾ ਠੰਡੇ ਬੁਰਜ ਤੇ ਸਰਹਿੰਦ ਦੀਆਂ ਦੀਵਾਰਾਂ ‘ਚ ਸਿੱਖੀ ਲਈ ਕੁਰਬਾਨ ਹੁੰਦਾ ਹੈ। ਇਸ ਸਫ਼ਰ-ਏ-ਸ਼ਹਾਦਤ ਦੇ ਪਾਂਧੀ ਹਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ।
7 ਪੋਹ 1704 ਨੂੰ ਜਦੋਂ ਮੁਗ਼ਲਾਂ ਤੇ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਨੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋਏ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਪਰ ਮੁਗ਼ਲਾਂ ਨੇ ਕਸਮਾਂ ਤੋੜਦੇ ਹੋਏ ਸਰਸਾ ਦੇ ਕੰਢੇ ‘ਤੇ ਹੱਲਾ ਬੋਲ ਦਿੱਤਾ। ਗੁਰੂ ਸਹਿਬ ਦੇ ਪ੍ਰਾਣਾਂ ਤੋਂ ਪਿਆਰੇ ਕਈ ਸਿੰਘ ਸ਼ਹੀਦੀਆਂ ਪਾ ਗਏ। ਗੁਰੂ ਸਾਹਿਬ ਨੇ ਜੰਗ ਦੇ ਮੈਦਾਨ ਵਿਚ ਵੀ ਨਿੱਤਨੇਮ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਕੇ ਸਿੱਖਾਂ ਲਈ ਪੂਰਨੇ ਪਾਏ। ਸਰਸਾ ਦੇ ਕੰਢੇ ‘ਤੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਤੇ ਇਹ ਤਿੰਨ ਹਿੱਸਿਆਂ ‘ਚ ਵੰਡਿਆ ਗਿਆ। ਸੱਤ ਤੇ ਨੌਂ ਕੁ ਸਾਲ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ 82 ਵਰ੍ਹਿਆਂ ਦੀ ਬਜ਼ੁਰਗ ਮਾਤਾ ਗੁਜਰ ਕੌਰ ਜੀ ਪੋਹ ਦੀ ਕਕਰੀਲੀ ਰਾਤ ਵਿਚ ਲੰਮੀਆਂ ਵਾਟਾਂ ਦੇ ਪਾਂਧੀ ਬਣ ਕੇ ਸਰਸਾ ਨਦੀ ਦੇ ਕੰਢੇ-ਕੰਢੇ ਤੁਰਦੇ ਹੋਏ ਰੋਪੜ ਨੇੜੇ ਪਿੰਡ ਚੱਕ ਢੇਰਾਂ ਪੁੱਜਦੇ ਹਨ। ਪਿੰਡ ਤੋਂ ਬਾਹਰ ਦਰਿਆ ਕੰਢੇ ਇਕ ਛੰਨ ‘ਚ ਦੀਵਾ ਜਗਦਾ ਦਿਖਾਈ ਦਿੱਤਾ। ਇਹ ਛੰਨ ਇਕ ਗ਼ਰੀਬ ਦਰਵੇਸ਼ ਮਲਾਹ ਕਰੀਮ ਬਖ਼ਸ਼ ਦੀ ਹੈ, ਜਿਸ ਨੂੰ ਇਤਿਹਾਸ ‘ਚ ‘ਬਾਬਾ ਕੁੰਮਾਂ ਮਾਸ਼ਕੀ’ ਵੀ ਆਖਦੇ ਹਨ। ਸਾਹਿਬਜ਼ਾਦੇ ਤੇ ਮਾਤਾ ਜੀ ਛੰਨ ‘ਚ ਰਾਤ ਗੁਜ਼ਾਰਦੇ ਹਨ ਤੇ ਬਾਬਾ ਕੁੰਮਾਂ ਮਾਸ਼ਕੀ ਇਨ੍ਹਾਂ ਦੀ ਸੇਵਾ ਕਰ ਕੇ ਰਹਿਮਤਾਂ ਦਾ ਪਾਤਰ ਬਣਦਾ ਹੈ।
ਇਸੇ ਪਿੰਡ ਦੀ ਬੀਬੀ ਲੱਛਮੀ ਇਨ੍ਹਾਂ ਰੂਹਾਨੀ ਰਾਹੀਆਂ ਨੂੰ ਲੰਗਰ ਛਕਾ ਕੇ ਆਪਣਾ ਜਨਮ ਸਫਲ ਕਰਦੀ ਹੈ। ਇਥੇ ਹੀ ਪਾਪੀ ਗੰਗੂ ਆ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮਿਲਦਾ ਹੈ ਤੇ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ। ਗੰਗੂ ਦੇ ਘਰ ‘ਚ ਜਦੋਂ 8 ਪੋਹ ਦੀ ਰਾਤ ਨੂੰ ਮਾਤਾ ਜੀ ਤੇ ਸਾਹਿਬਜ਼ਾਦੇ ਵਿਸ਼ਰਾਮ ਕਰ ਰਹੇ ਸਨ ਤਾਂ ਗੰਗੂ ਕੁਝ ਮਾਇਆ ਚੁਰਾ ਲੈਂਦਾ ਹੈ। ਮਾਤਾ ਜੀ ਨੂੰ ਗੰਗੂ ਦੀ ਇਸ ਕਰਤੂਤ ਦਾ ਪਤਾ ਚੱਲਦਾ ਹੈ ਤਾਂ ਚੋਰੀ ਫੜੀ ਜਾਣ ਦੇ ਡਰ ਤੋਂ ਗੰਗੂ ਲਾਲਚ ਵੱਸ ਮੋਰਿੰਡਾ ਥਾਣੇ ਵਿਚ ਸਾਹਿਬਜ਼ਾਦਿਆਂ ਤੇ ਮਾਤਾ ਜੀ ਬਾਰੇ ਇਤਲਾਹ ਦੇ ਦਿੰਦਾ ਹੈ। ਜਾਨੀ ਖ਼ਾਂ ਤੇ ਮਾਨੀ ਖ਼ਾਂ ਦੋ ਸਿਪਾਹੀ ਆਉਂਦੇ ਹਨ ਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰ ਕੇ ਮੋਰਿੰਡਾ ਦੀ ਕੋਤਵਾਲੀ ‘ਚ ਕੈਦ ਕਰ ਦਿੰਦੇ ਹਨ।
ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ 9 ਪੋਹ ਦੀ ਰਾਤ ਮੋਰਿੰਡਾ ਕੋਤਵਾਲੀ ਵਿਚ ਗੁਜ਼ਰਦੀ ਹੈ ਤੇ 10 ਪੋਹ ਸੇਵੇਰੇ ਮੋਰਿੰਡਾ ਤੋਂ ਸੂਬਾ-ਏ-ਸਰਹਿੰਦ ਵਜ਼ੀਰ ਖ਼ਾਨ ਦੀ ਕਚਹਿਰੀ ‘ਚ ਪੇਸ਼ ਕਰਨ ਲਈ ਲਿਜਾਇਆ ਜਾਂਦਾ ਹੈ। ਮਾਤਾ ਗੁਜਰ ਕੌਰ ਜੀ ਦੇ ਪਾਵਣ ਮੁੱਖ ‘ਤੇ ਮਿਰਚਾਂ ਵਾਲਾ ਇਕ ਤੋੜਾ ਪਾਇਆ ਜਾਂਦਾ ਹੈ ਤੇ ਸਾਹਿਬਜ਼ਾਦਿਆਂ ਨੂੰ ਖੁਰਜੀਆਂ ਵਿਚ ਪਾ ਕੇ ਯਾਤਨਾਵਾਂ ਦਿੰਦੇ ਹੋਏ ਸਰਹਿੰਦ ਪੁੱਜਦੇ ਹਨ। ਇਥੇ 140 ਫੁੱਟ ਉੱਚੇ ਠੰਢੇ ਬੁਰਜ ਵਿਚ ਕੈਦ ‘ਚ ਰੱਖਿਆ ਜਾਂਦਾ ਹੈ। ਬੁਰਜ ਦੇ ਪਿਛਲੇ ਪਾਸੇ ਹੰਸਲਾ ਨਦੀ ਵਗਦੀ ਸੀ ਤੇ ਇਹ ਬੁਰਜ ਗਰਮੀਆਂ ‘ਚ ਵੀ ਠੰਢਾ ਰਹਿੰਦਾ ਸੀ। ਤਿੰਨ ਦਿਨ ਬਿਨਾਂ ਕਿਸੇ ਗਰਮ ਕੱਪੜੇ ਤੇ ਭੋਜਨ ਦੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ।
ਸਾਹਿਬਜ਼ਾਦਿਆਂ ਦੀਆਂ ਤਿੰਨ ਪੇਸ਼ੀਆਂ ਸੂਬੇ ਦੀ ਕਚਿਹਰੀ ‘ਚ ਹੁੰਦੀਆਂ ਹਨ। ਲਾਲਚ ਤੇ ਡਰ ਦੇ ਕੇ ਸਿੱਖੀ ਤੋਂ ਮੁਨਕਰ ਕਰਨ ਦੇ ਯਤਨ ਹੁੰਦੇ ਹਨ ਪਰ ਸਾਹਿਬਜ਼ਾਦੇ ਅਡੋਲ ਰਹਿੰਦੇ ਹਨ। ਭਾਈ ਮੋਤੀ ਰਾਮ ਮਹਿਰਾ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਿੰਨੇ ਦਿਨ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿਚ ਦੁੱਧ ਛਕਾਉਂਦਾ ਹੈ, ਜਿਸ ਦੀ ਕੀਮਤ ਉਸ ਨੂੰ ਆਪਣਾ ਪਰਿਵਾਰ ਕੋਹਲੂ ‘ਚ ਪਿੜਵਾ ਕੇ ਚੁਕਾਉਣੀ ਪੈਂਦੀ ਹੈ। ਉਹ ਗੁਰੂ ਦਾ ਸਿੱਖ ਇਤਿਹਾਸ ‘ਚ ਅਮਰ ਹੋ ਜਾਂਦਾ ਹੈ।
ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਾ ਹੈ, ਜਿਸ ਲਈ ਸਿੱਖ ਕੌਮ ਵਿਚ ਅੱਜ ਵੀ ਨਵਾਬ ਮਲੇਰਕੋਟਲਾ ਲਈ ਬਹੁਤ ਸਤਿਕਾਰ ਹੈ। ਸੂਬੇ ਦੀ ਕਚਹਿਰੀ ‘ਚ ਮਰੀ ਹੋਈ ਜ਼ਮੀਰ ਵਾਲਾ ਇਨਸਾਨ ਦੀਵਾਨ ਸੁੱਚਾ ਨੰਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਲਈ ਤਰਲੋ-ਮੱਛੀ ਹੁੰਦਾ ਹੈ। ਅਖ਼ੀਰ ਉਹ ਦਿਨ ਆ ਜਾਂਦਾ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਜਿਉਂਦੇ ਦੀਵਾਰਾਂ ‘ਚ ਚਿਣ ਕੇ ਸ਼ਹੀਦ ਕਰਨ ਦਾ ਫ਼ਤਵਾ ਕਾਜੀ ਰੁਕਨਦੀਨ ਵੱਲੋਂ ਦਿੱਤਾ ਜਾਂਦਾ ਹੈ। ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਦੇ ਲਾਲਾਂ ਨੂੰ ਕਈ ਤਸੀਹੇ ਦਿੱਤੇ ਜਾਂਦੇ ਹਨ। ਗੁਰੂ ਜੀ ਦੇ ਸਮਕਾਲੀ ਇਤਿਹਾਸਕਾਰ ਭਾਈ ਦੁੱਨਾ ਸਿੰਘ ਹੰਡੂਰੀਆ ਦੀ ਕ੍ਰਿਤ ‘ਕਥਾ ਗੁਰੂ ਜੀ ਕੇ ਸੁਤਨ ਕੀ’ ਅਨੁਸਾਰ ਮਾਸੂਮਾਂ ਨੂੰ ਖਮਚੀਆਂ (ਚਾਬਕ) ਤੇ ਕੋਰੜੇ ਮਾਰੇ ਗਏ, ਪਿੱਪਲ ਦੇ ਰੁੱਖ ਦੁਆਲੇ ਰੱਸਿਆਂ ਨਾਲ ਬੰਨ੍ਹ ਕੇ ਗੁਲੇਲਾਂ ਦੇ ਨਿਸ਼ਾਨੇ ਵੀ ਮਾਰੇ ਗਏ ਤੇ ਮਾਸੂਮਾਂ ਦੀਆਂ ਉਂਗਲਾਂ ਵਿਚ ਅੱਗ ਦੇ ਪਲੀਤੇ ਲਗਾਏ ਗਏ।