ਸਫ਼ਰ-ਏ-ਸ਼ਹਾਦਤ: ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ
ਸਿੱਖ ਧਰਮ ਦੇ ਇਤਿਹਾਸ ਦੇ ਰੂਬਰੂ ਹੁੰਦਿਆਂ ਹੀ ਸ਼ਹਾਦਤਾਂ ਦੀ ਇੱਕ ਲੰਮੀ ਲੜੀ ਸਾਡੇ ਸਾਹਮਣੇ ਸਾਕਾਰ ਹੋ ਜਾਂਦੀ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸਮੇਂ ਦੀ ਮੁਗ਼ਲ ਹਕੂਮਤ ਨੇ ਇਸ ਲਈ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਸੀ, ਕਿਉ ਜੋ ਉਨ੍ਹਾਂ ਨੇ ਆਪਣੀ ਰਚੀ ਬਾਣੀ ਤੋਂ ਇਲਾਵਾ ਆਪਣੇ ਤੋਂ ਪਹਿਲਾਂ ਹੋਏ ਚਾਰ ਸਿੱਖ ਗੁਰੂ ਸਾਹਿਬਾਨ ਦੀ ਬਾਣੀ, ਸੂਫ਼ੀ ਸੰਤਾਂ ਦਰਵੇਸ਼ਾਂ ਦੀ ਬਾਣੀ, ਹਿੰਦੂ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰ ਕੇ ਆਦਿ ਗ੍ਰੰਥ ਦੀ ਸੰਪਾਦਨਾ ਦੇ ਕਾਰਜ ਨੂੰ ਸੰਪੂਰਨ ਕਰਵਾਇਆ ਸੀ। ਮੁਗ਼ਲ ਬਾਦਸ਼ਾਹ ਜਹਾਂਗੀਰ ਇਸ ਮਹਾਨ ਕਾਰਜ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਨਿਮਰਤਾ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ, ਮਾਨਵਤਾ ਨੂੰ ਬਚਾਉਣ ਲਈ, ਜਬਰ-ਜ਼ੁਲਮ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪਣਾ ਬਲੀਦਾਨ ਦੇ ਦਿੱਤਾ ਤਾਂ ਜੋ ਸਮਾਜ ਵਿੱਚ ਸੱਚੀਆਂ ਸੁੱਚੀਆਂ-ਉੱਚੀਆਂ ਕਦਰਾਂ ਕੀਮਤਾਂ ਸਥਾਪਤ ਹੋ ਸਕਣ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਦੀ ਧਰਮ ਦੀ ਰੱਖਿਆ ਹਿੱਤ ਦਿੱਲੀ ਵਿੱਚ ਦਿੱਤੀ ਲਾਸਾਨੀ ਸ਼ਹਾਦਤ ਨੂੰ ਸਾਕਾ ਕਹਿੰਦੇ ਹੋਏ ਲਿਖਿਆ ਹੈ –
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰ ਸਿਰਰੁ ਨ ਦੀਆ॥
ਗੁਰੂ ਤੇਗ਼ ਬਹਾਦਰ ਜੀ ਨਾਲ ਹੀ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਨੂੰ ਵੀ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਦੇ ਕਾਰਨ ਉਸ ਸੰਦਰਭ ਵਿੱਚ ਪਏ ਹਨ, ਜਿਹੜਾ ਪਹਾੜੀ ਰਾਜਿਆਂ ਅਤੇ ਮੁਗ਼ਲ ਸਲਤਨਤ ਦੀਆਂ ਸਾਂਝੀਆਂ ਫ਼ੌਜਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਮਈ 1704 ਈਸਵੀ ਨੂੰ ਆਨੰਦਪੁਰ ਦੇ ਕਿਲ੍ਹੇ ਨੂੰ ਘੇਰਿਆ ਸੀ। ਇਸ ਪ੍ਰਕਾਰ ਖ਼ਾਲਸਾ ਫ਼ੌਜਾਂ ਅਤੇ ਦੁਸ਼ਮਣਾਂ ਦਰਮਿਆਨ ਸੱਤ ਮਹੀਨੇ ਤੋਂ ਵੱਧ ਸਮੇਂ ਤੱਕ ਲੜਾਈ ਚੱਲਦੀ ਰਹੀ। ਇਸੇ ਚੱਲਦੀ ਲੜਾਈ ਦੌਰਾਨ ਭੁੱਖ ਅਤੇ ਤ੍ਰੇਹ ਤੋਂ ਆਤੁਰ ਹੋਏ ਚਾਲ਼ੀ ਸਿੰਘ ਦਸਮੇਸ਼ ਪਿਤਾ ਨੂੰ ਬੇਦਾਵਾ ਲਿਖ ਕੇ ਕਿਲ੍ਹੇ ’ਚੋਂ ਬਾਹਰ ਨਿੱਕਲ ਗਏ ਸਨ।
ਦੂਜੇ ਪਾਸੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਲਸ਼ਕਰ ਵੀ ਇੰਨੀ ਲੰਮੀ ਲੜਾਈ ਕਰ ਕੇ ਥੱਕ ਟੁੱਟ ਚੁੱਕੇ ਸੀ। ਉਹ ਵੀ ਹੁਣ ਲੜਾਈ ਲੜਨ ਦੇ ਪੱਖ ਵਿੱਚ ਨਹੀਂ ਸਨ। ਉਨ੍ਹਾਂ ਲੋਕਾਂ ਵੱਲੋਂ ਗਊਆਂ ਅਤੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਿਲ੍ਹਾ ਖ਼ਾਲੀ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇਣ ਦਾ ਵਾਅਦਾ ਕੀਤਾ ਗਿਆ। ਪਰੰਤੂ ਗੁਰੂ ਸਾਹਿਬ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਚਾਲਾਂ ਤੋਂ ਬਾਖ਼ੂਬੀ ਚੇਤੰਨ ਸਨ। ਪਰੰਤੂ ਜਦੋਂ ਪੰਜ ਪਿਆਰਿਆਂ ਨੇ ਦਸਮੇਸ਼ ਪਿਤਾ ਨੂੰ ਕਿਲ੍ਹਾ ਖ਼ਾਲੀ ਕਰਨ ਲਈ ਹੁਕਮਨਾਮਾ ਜਾਰੀ ਕੀਤਾ ਤਾਂ ਉਹ ਕਿਲ੍ਹਾ ਖ਼ਾਲੀ ਕਰਨ ਲਈ ਮਜਬੂਰ ਹੋ ਗਏ। ਸਾਰਾ ਵਹੀਰ ਸਰਸਾ ਨਦੀ ਦੇ ਕੰਢੇ ’ਤੇ ਪਹੁੰਚਿਆ। ਆਨੰਦਪੁਰ ਤੋਂ ਹੀ ਪਿੱਛਾ ਕਰਦੀ ਆ ਰਹੀਆਂ ਮੁਗ਼ਲ ਫ਼ੌਜਾਂ ਨੇ ਫ਼ਿਰ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਫ਼ੌਜੀ ਸ਼ਹੀਦ ਹੋ ਗਏ। ਸਿੱਖ ਧਰਮ ਨਾਲ ਸਬੰਧਿਤ ਬੇਸ਼ਕੀਮਤੀ ਸਾਹਿਤ ਸਰਸਾ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਇਸੇ ਸਥਾਨ ’ਤੇ ਦਸਮੇਸ਼ ਪਿਤਾ ਦਾ ਸਮੁੱਚਾ ਪਰਿਵਾਰ ਖੇਰੂੰ-ਖੇਰੂੰ ਹੋ ਕੇ ਵਿੱਖਰ ਗਿਆ। ਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਦੇ ਜੱਥੇ ਨਾਲ ਰੋਪੜ ਵੱਲ ਚੱਲ ਪਏ। ਬੀਬੀ ਬੀਬੋ ਅਤੇ ਬੀਬੀ ਭਾਗੋ ਉਨ੍ਹਾਂ ਨਾਲ ਦੋ ਸੇਵਿਕਾਵਾਂ ਵੀ ਸਨ। ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਚਾਲ਼ੀ ਸਿੰਘ ਚਮਕੌਰ ਵੱਲ ਚੱਲ ਪਏ। ਮਾਤਾ ਗੁਜਰੀ ਜੀ, ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਵੱਖਰੇ ਪਹਾੜੀ ਰਾਹਾਂ ’ਤੇ ਚੱਲਦੇ ਹੋਏ ਅੱਗੇ ਵਧਣ ਲੱਗੇ। ਪੋਹ ਮਹੀਨੇ ਦੀ ਹੱਡ ਚੀਰਵੀਂ ਠੰਢ, ਉੱਤੋਂ ਲਗਾਤਾਰ ਹੋ ਰਹੀ ਬਰਸਾਤ ਵਿੱਚ ਭਿੱਜਦੇ ਹੋਏ ਦੋ ਛੋਟੇ-ਛੋਟੇ ਮਾਸੂਮ ਬਾਲ ਦਾਦੀ ਮਾਂ ਦੀ ਉਗਲੀ ਫੜ ਕੇ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਹਨੇਰੇ ਵਿੱਚ ਲਗਾਤਾਰ ਤੁਰਦੇ ਹੋਏ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਜਦੋਂ ਮੁਸ਼ਕਲ ਪੈਂਡਿਆਂ ’ਤੇ ਚੱਲਦੇ ਹੋਏ ਮਾਸੂਮ ਬਾਲ ਦਾਦੀ ਮਾਂ ਨੂੰ ਸਵਾਲ ਕਰਦੇ ਹਨ ਤਾਂ ਉਸ ਸਮੇਂ ਦੇ ਦਿ੍ਰਸ਼ ਨੂੰ ਮਹਾਨ ਲਿਖਾਰੀ ਅੱਲ੍ਹਾ ਯਾਰ ਖਾਂ ਜੋਗੀ ਆਪਣੇ ਵੈਰਾਗ ਮਈ ਸ਼ਬਦਾਂ ਵਿੱਚ ਬਿਆਨ ਕਰਦਾ ਹੋਇਆ ਇੰਝ ਲਿਖਦਾ ਹੈ-
‘ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ।
ਦਰਯਾ ਪਿ ਹਮ ਕੋ ਛੋੜ ਕੇ ਰਾਹੀ ਕਿਧਰ ਗਏ।
ਤੜਪਾ ਕੇ ਹਾਇ ਸੂਰਤ ਮਾਹੀ ਕਿਧਰ ਗਏ।
ਅੱਬਾ ਭਗਾ ਕੇ ਲਸ਼ਕਰਿ ਸ਼ਾਹੀ ਕਿਧਰ ਗਏ।’
ਕੁੰਮਾ ਮਾਸ਼ਕੀ ਨੇਕ ਅਤੇ ਰੱਬ ਦਾ ਖ਼ੌਫ਼ ਖਾਣ ਵਾਲਾ ਸੱਚਾ ਸੁੱਚਾ ਇਨਸਾਨ ਸੀ। ਉਸ ਨੇ ਤਿੰਨਾਂ ਰੂਹਾਨੀ ਮੂਰਤਾਂ ਨੂੰ ਆਪਣੀ ਛੰਨ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ। ਨੇੜਲੇ ਪਿੰਡ ਵਿੱਚ ਰਹਿੰਦੀ ਲੱਛਮੀ ਨਾਂ ਦੀ ਇਕ ਇਸਤਰੀ ਕੋਲੋਂ ਕੁੰਮਾ ਮਾਸ਼ਕੀ ਭੋਜਨ ਲੈ ਕੇ ਆਇਆ। ਉਸ ਔਰਤ ਨੇ ਠੰਢ ਤੋਂ ਬਚਣ ਲਈ ਉਸ ਨੂੰ ਕੁਝ ਗਰਮ ਕੱਪੜੇ ਵੀ ਦਿੱਤੇ। ਅਗਲੇ ਦਿਨ ਚੜ੍ਹੇ ਲੱਛਮੀ ਆਪ ਭੋਜਨ ਤਿਆਰ ਕਰ ਕੇ ਲੈ ਕੇ ਆਈ। ਉਸ ਨੇ ਆਪਣੇ ਹੱਥੀਂ ਕੁੰਮੇ ਮਾਸ਼ਕੀ ਸਮੇਤ ਚਾਰਾਂ ਨੂੰ ਭੋਜਨ ਛਕਾਇਆ।
ਇਤਿਹਾਸਕਾਰਾਂ ਅਨੁਸਾਰ ਗੰਗੂ ਬ੍ਰਾਹਮਣ ਵੀ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਆ ਕੇ ਹੀ ਮਾਤਾ ਜੀ ਨੂੰ ਮਿਲਿਆ ਸੀ। ਮਾਤਾ ਗੁਜਰੀ, ਦੋਵੇਂ ਸਾਹਿਬਜ਼ਾਦਿਆਂ, ਗੰਗੂ ਅਤੇ ਇੱਕ ਖ਼ੱਚਰ ਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਕੁੰਮਾ ਮਾਸ਼ਕੀ ਸਤਲੁਜ ਦਰਿਆ ਦੇ ਕੰਢੇ ਪਿੰਡ ਚੱਕ ਢੇਰਾ ਲੈ ਆਇਆ। ਮਾਤਾ ਗੁਜਰੀ ਨੇ ਇੱਥੋਂ ਜਾਣ ਸਮੇਂ ਲੱਛਮੀ ਨੂੰ ਦੋ ਮੁਹਰਾਂ ਦੇ ਮੁੱਲ ਵਾਲੀ ਕੀਮਤੀ ਆਰਸੀ ਅਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਪੰਜ ਰੁਪਏ ਦਿੱਤੇ। ਇੱਥੋਂ ਹੀ ਗੰਗੂ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਗਿਆ ਸੀ। ਮਾਤਾ ਜੀ ਕੋਲ ਬਹੁਤ ਜ਼ਿਆਦਾ ਧੰਨ ਦੌਲਤ ਵੇਖ ਕੇ ਉਸ ਦਾ ਮਨ ਡੋਲ ਗਿਆ। ਉਹ ਲਾਲਚ ਵੱਸ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਸ ਸਥਾਨ ਤੋਂ ਜੰਗਲ ਬੀਆਬਾਨਾਂ ਵਿੱਚ ਘੁੰਮਾਉਦਾ ਹੋਇਆ ਆਪਣੇ ਪਿੰਡ ਸਹੇੜੀ ਲੈ ਗਿਆ।
ਬੇਸ਼ੱਕ ਉਹ ਗੁਰੂ ਘਰ ਦਾ ਰਸੋਈਆ ਰਹਿ ਚੁੱਕਾ ਸੀ। ਪ੍ਰੰਤੂ ਲਾਲਚ ਵਿੱਚ ਆ ਕੇ ਉਸ ਨੂੰ ਗੁਰੂ ਦੁਆਰਾ ਕੀਤੇ ਸਾਰੇ ਉਪਕਾਰ ਵਿੱਸਰ ਗਏ। ਗੰਗੂ ਨੇ ਸਹੇੜੀ ਦੇ ਚੌਧਰੀ ਨਾਲ ਜਾ ਕੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਸਬੰਧੀ ਸਾਰੀ ਜਾਣਕਾਰੀ ਮੋਰਿੰਡੇ ਦੇ ਰੰਗੜ ਕਪਤਾਨ ਨੂੰ ਦੇ ਦਿੱਤੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਤੋਂ ਇਨਾਮ ਹਾਸਲ ਕਰਨ ਲਈ ਇਨ੍ਹਾਂ ਤਿੰਨਾਂ ਨੇ ਮਿਲ ਕੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਨੂੰ ਵਜ਼ੀਰ ਖ਼ਾਨ ਦੇ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਕੇ ਰੱਖਿਆ ਗਿਆ। ਗੁਰੂ ਗੋਬਿੰਦ ਸਿੰਘ ਦੇ ਲਾਲ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਵਿੱਚ ਬੈਠੇ ਬਹਾਦਰਾਂ, ਸੂਰਬੀਰਾਂ, ਯੋਧਿਆਂ ਅਤੇ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ਼ ਸਬੰਧਿਤ ਬਾਤਾਂ ਅਤੇ ਕਹਾਣੀਆਂ ਸੁਣ ਕੇ ਆਪਣੇ ਇਰਾਦਿਆਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਰਹੇ ਸਨ। ਮਾਂ ਗੁਜਰੀ ਉਨ੍ਹਾਂ ਬਾਲਾਂ ਨੂੰ ਸਮਝਾ ਰਹੀ ਸੀ ਕਿ ਬੱਚਿਓ! ਤੁਸੀਂ ਆਪਣੇ ਦਾਦੇ ਦੀ ਚਿੱਟੀ ਪਗੜੀ ਨੂੰ ਹੋਰ ਜ਼ਿਆਦਾ ਚਮਕਾਇਓ। ਜੇ ਜਾਨ ’ਤੇ ਵੀ ਆਣ ਪਵੇ ਤਾਂ ਵੀ ਸੀਸ ਬੇਸ਼ੱਕ ਕਟਵਾ ਦਿਓ, ਪਰੰਤੂ ਆਪਣੇ ਧਰਮ, ਕੌਮ, ਦੇਸ਼ ਨੂੰ ਕਦੀ ਵੀ ਪਿੱਠ ਨਹੀਂ ਦਿਖਾਉਣੀ।
ਮਾਂ ਗੁਜਰੀ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੰਦੇ ਹੋਏ ਦੋਵੇਂ ਸਾਹਿਬਜ਼ਾਦਿਆਂ ਨੇ ਕਿਹਾ ਸੀ, ‘ਦਾਦੀ ਮਾਂ, ਅਸੀਂ ਸਿਰ ਦੇ ਕੇ ਵੀ ਸਿਦਕ ਬਚਾਵਾਂਗੇ।’ ਆਖ਼ਰ ਉਹ ਮਨਹੂਸ ਦਿਨ ਚੜ੍ਹਿਆ, ਜਦੋਂ ਪਹਿਲੀ ਵਾਰੀ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਸਮੇਂ ਦਾ ਵਰਨਣ ਅੱਲਾ ਯਾਰ ਖਾਂ ਜੋਗੀ ਆਪਣੀ ਰਚਨਾ ਸ਼ਹੀਦਾਨਿ ਵਫ਼ਾ ਵਿੱਚ ਇਸ ਤਰ੍ਹਾਂ ਕਰਦਾ ਹੈ –
ਜਾਨੇ ਸੇ ਪਹਲੇ ਆਓ ਗਲੇ
ਲਗਾ ਤੋ ਲੂੰ,
ਕੇਸੋਂ ਕੋ ਕੰਘੀ ਜਰਾ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨ੍ਹੀਂ ਸੀ ਕਲਗ਼ੀ ਸਜਾ ਤੋ ਲੂੰ,
ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
ਅਗਲੇ ਦਿਨ ਸਵੇਰੇ-ਸਵੇਰੇ ਮੁਗ਼ਲ ਬਾਦਸ਼ਾਹ ਦੇ ਸਿਪਾਹੀ ਦੋਵਾਂ ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈਣ ਆ ਗਏ। ਮਾਤਾ ਗੁਜਰੀ ਨੇ ਦੋਵਾਂ ਪੋਤਿਆਂ ਨੂੰ ਗਲ਼ੇ ਨਾਲ ਲਗਾ ਕੇ ਪਿਆਰ ਅਤੇ ਨਿੱਘ ਦਿੱਤਾ। ਸਾਹਿਬਜ਼ਾਦੇ ਬੜੇ ਉਤਸ਼ਾਹ ਨਾਲ ਸਿਪਾਹੀਆਂ ਨਾਲ ਚੱਲ ਪਏ। ਜਿਉ ਹੀ ਬਾਲ ਦਰਬਾਰ ਦੇ ਬਾਹਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦਰਬਾਰ ਹਾਲ ਦਾ ਵੱਡਾ ਗੇਟ ਬੰਦ ਕੀਤਾ ਹੋਇਆ ਸੀ। ਸਾਰੇ ਲੋਕ ਇੱਕ ਬਹੁਤ ਹੀ ਛੋਟੀ ਖਿੜਕੀ ਰਾਹੀਂ ਸਿਰ ਝੁਕਾਅ ਕੇ ਅੰਦਰ ਜਾ ਰਹੇ ਸਨ। ਇਹ ਸਭ ਮੁਗ਼ਲ ਦਰਬਾਰ ਦੇ ਇੱਕ ਝੋਲੀਚੁੱਕ ਦੀਵਾਨ ਸੁੱਚਾ ਨੰਦ ਦੀ ਇੱਕ ਚਾਲ ਸੀ। ਉਸ ਦੇ ਮਨ ਵਿੱਚ ਇਹ ਬਦਨੀਤੀ ਸੀ ਕਿ ਜਦੋਂ ਸਾਹਿਬਜ਼ਾਦੇ ਦਰਬਾਰ ਦੇ ਅੰਦਰ ਦਾਖ਼ਲ ਹੋਣ ਤਾਂ ਉਨ੍ਹਾਂ ਦੇ ਸਿਰ ਨਵਾਬ ਦੇ ਸਾਹਮਣੇ ਝੁਕ ਜਾਣ। ਪ੍ਰੰਤੂ ਦਾਦੀ ਮਾਂ ਵੱਲੋਂ ਮਿਲੀ ਸਿੱਖਿਆ ਅਨੁਸਾਰ ਸਾਹਿਬਜ਼ਾਦੇ ਉਸ ਚਾਲ ਨੂੰ ਸਮਝ ਗਏ। ਜਦੋਂ ਦੋਵੇਂ ਬਾਲ ਅੰਦਰ ਦਾਖ਼ਲ ਹੋਣ ਲੱਗੇ ਤਾਂ ਉਨ੍ਹਾਂ ਨੇ ਬਿਨਾਂ ਸੀਸ ਝੁਕਾਏ ਪਹਿਲਾਂ ਆਪਣੇ ਪੈਰ ਛੋਟੀ ਖਿੜਕੀ ਦੇ ਅੰਦਰ ਰੱਖੇ। ਸਾਹਿਬਜ਼ਾਦਿਆਂ ਦੀ ਸੂਝ-ਬੂਝ ਭਰੀ ਲਿਆਕਤ ਨੂੰ ਵੇਖ ਕੇ ਦੀਵਾਨ ਸੁੱਚਾ ਨੰਦ ਅਤੇ ਵਜ਼ੀਰ ਖਾਂ ਨੂੰ ਗੁੱਸਾ ਤਾਂ ਬਹੁਤ ਚੜ੍ਹਿਆ। ਪ੍ਰੰਤੂ ਉਹ ਕੇਵਲ ਦੰਦ ਪੀਹ ਕੇ ਰਹਿ ਗਏ।
ਜਿਉ ਹੀ ਸਾਹਿਬਜ਼ਾਦਿਆਂ ਨੇ ਦਰਬਾਰ ਵਿੱਚ ਪ੍ਰਵੇਸ਼ ਕੀਤਾ, ਉਨ੍ਹਾਂ ਨੇ ਸਾਰੇ ਦਰਬਾਰੀਆਂ ਦੇ ਸਾਹਮਣੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਦੇ ਇਸ ਨਿਡਰ ਅਤੇ ਬੇਖੌਫ਼ ਰਵੱਈਏ ਨੂੰ ਵੇਖ ਕੇ ਦਰਬਾਰੀ ਬਹੁਤ ਪ੍ਰਭਾਵਿਤ ਹੋਏ। ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਸਾਹਮਣੇ ਝੁਕਣ ਲਈ ਆਖਿਆ।
ਤਦ ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ, ‘ਅਸੀਂ ਕੇਵਲ ਸਰਬ ਸ਼ਕਤੀਮਾਨ ਪ੍ਰਭੂ ਨੂੰ ਪ੍ਰਣਾਮ ਕਰਦੇ ਹਾਂ। ਕਿਸੇ ਇਨਸਾਨ ਨੂੰ ਨਹੀਂ ਕਰਦੇ।’ ਨਵਾਬ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਆਖਿਆ, ‘ਦੇਖੋ ਜੇ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋਗੇ ਤਾਂ ਤੁਸੀਂ ਜੋ ਮੰਗੋਗੇ, ਤੁਹਾਨੂੰ ਉਹੀ ਦੇ ਦਿੱਤਾ ਜਾਵੇਗਾ।’ ਦੋਨੋਂ ਸਾਹਿਬਜ਼ਾਦੇ ਇਕੱਠੇ ਬੋਲੇ, ‘ਨਵਾਬ ਵਜ਼ੀਰ ਖਾਂ, ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ ਹੈ, ਸਾਨੂੰ ਵੀ ਆਪਣੀ ਸਿੱਖੀ ਬਹੁਤ ਪਿਆਰੀ ਹੈ। ਅਸੀਂ ਕਿਸੇ ਵੀ ਕੀਮਤ ’ਤੇ ਆਪਣਾ ਧਰਮ ਨਹੀਂ ਛੱਡਾਂਗੇ।’ ਬਾਲਾਂ ਦਾ ਉੱਤਰ ਸੁਣ ਕੇ ਨਵਾਬ ਨੂੰ ਬਹੁਤ ਕ੍ਰੋਧ ਆਇਆ। ਉਸ ਨੇ ਸਾਹਿਬਜ਼ਾਦਿਆਂ ਨੂੰ ਡਰਾਉਣ ਅਤੇ ਭੈਭੀਤ ਕਰਨ ਲਈ ਕਈ ਕੁਝ ਆਖਿਆ। ਪ੍ਰੰਤੂ ਉਨ੍ਹਾਂ ਉੱਪਰ ਨਵਾਬ ਦੀਆਂ ਧਮਕੀਆਂ ਦਾ ਕੋਈ ਅਸਰ ਨਾ ਹੋਇਆ। ਇਸ ਉਪਰੰਤ ਵਜ਼ੀਰ ਖਾਂ ਨੇ ਦੋਵਾਂ ਬਾਲਾਂ ਨੂੰ ਵਾਪਸ ਠੰਢੇ ਬੁਰਜ ਵਿੱਚ ਭੇਜ ਦਿੱਤਾ। ਅਗਲੇ ਦਿਨ ਫ਼ਿਰ ਬਾਲਾਂ ਨੂੰ ਕਚਹਿਰੀ ਵਿੱਚ ਪੇਸ਼ ਹੋਣ ਲਈ ਬੁਲਾਇਆ ਗਿਆ। ਦਰਬਾਰ ਵਿੱਚ ਸ਼ੇਰ ਮੁਹੰਮਦ ਖ਼ਾਨ ਵੀ ਮੌਜੂਦ ਸੀ। ਵਜ਼ੀਰ ਖਾਂ ਨੇ ਮਾਲੇਰਕੋਟਲੇ ਦੇ ਨਵਾਬ ਨੂੰ ਉਗਲ਼ ਲਾਉਦਿਆਂ ਕਿਹਾ, ‘ਤੇਰੇ ਦੋ ਭਰਾਵਾਂ ਦੀ ਮੌਤ ਗੋਬਿੰਦ ਸਿੰਘ ਹੱਥੋਂ ਹੋ ਚੁੱਕੀ ਹੈ। ਇਸ ਲਈ ਮੈਂ ਇਨ੍ਹਾਂ ਬਾਲਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਸ਼ੇਰ ਮੁਹੰਮਦ ਖ਼ਾਨ ’ਤੇ ਹੀ ਛੱਡ ਦਿੱਤਾ।’
ਪ੍ਰੰਤੂ ਰਹਿਮ ਦਿਲ ਇਨਸਾਨ ਮਾਲੇਰਕੋਟਲਾ ਦੇ ਨਵਾਬ ਨੇ ਕਿਹਾ ਸੀ, ‘ਨਵਾਬ ਵਜ਼ੀਰ ਖਾਂ, ਜਦੋਂ ਵਕਤ ਆਇਆ ਤਾਂ ਮੈਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਗੋਬਿੰਦ ਸਿੰਘ ਤੋਂ ਹੀ ਲਵਾਂਗਾ। ਮਾਸੂਮ ਬੱਚਿਆਂ ’ਤੇ ਜ਼ੁਲਮ ਕਰਨ ਦੀ ਇਜਾਜ਼ਤ ਇਸਲਾਮ ਧਰਮ ਹਰਗਿਜ਼ ਨਹੀਂ ਦਿੰਦਾ। ਯਾ ਅੱਲਾਹ! ਮੈਨੂੰ ਇਸ ਪਾਪ ਤੋਂ ਬਚਾਈਂ।’ ਤਦ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਨ ਪੁੱਛਿਆ, ‘ਬੱਚਿਓ! ਜੇ ਤੁਹਾਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਸਾਡੀ ਕੈਦ ਵਿੱਚੋਂ ਬਾਹਰ ਜਾ ਕੇ ਤੁਸੀਂ ਕੀ ਕਰੋਗੇ?’
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਸੀ, ‘ਅਸੀਂ ਆਪਣੇ ਪਿਤਾ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਉਹੀ ਕਰਾਂਗੇ, ਜੋ ਸਾਡੇ ਪਿਤਾ ਕਰ ਰਹੇ ਹਨ। ਅਸੀਂ ਜਬਰ ਜ਼ੁਲਮ ਅਤੇ ਅੱਤਿਆਚਾਰ ਦੇ ਵਿਰੁੱਧ ਲੜਾਂਗੇ। ਇਸ ਕਾਰਜ ਲਈ ਅਸੀਂ ਮੁੜ ਤੋਂ ਸਿੰਘਾਂ ਨੂੰ ਜੱਥੇਬੰਦ ਕਰਾਂਗੇ। ਜਦੋਂ ਤੱਕ ਅੱਤਿਆਚਾਰੀ ਹਕੂਮਤ ਦਾ ਸਫ਼ਾਇਆ ਨਹੀਂ ਹੋ ਜਾਂਦੇ, ਉਦੋਂ ਤੱਕ ਲੜਦੇ ਰਹਾਂਗੇ।’
ਉਸੇ ਵੇਲੇ ਦੀਵਾਨ ਸੁੱਚਾ ਨੰਦ ਬੋਲਿਆ, ‘ਨਵਾਬ ਸਾਹਿਬ, ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਹੁੰਦੇ। ਸੱਪ ਨੂੰ ਮਾਰਨਾ ਅਤੇ ਉਸ ਦੇ ਸਪੋਲੀਆਂ ਨੂੰ ਦੁੱਧ ਪਿਆਉਣਾ ਇਹ ਕਦੀ ਵੀ ਸਮਝਦਾਰੀ ਨਹੀਂ ਹੁੰਦੀ।’ ਦੀਵਾਨ ਸੁੱਚਾ ਨੰਦ ਦੀਆਂ ਲਾਈਆਂ ਲੂਤੀਆਂ ਦਾ ਨਵਾਬ ਦੇ ਦਿਲ ’ਤੇ ਬੜਾ ਡੂੰਘਾ ਪ੍ਰਭਾਵ ਪਿਆ। ਉਸ ਨੇ ਉਸੇ ਵੇਲੇ ਕਾਜ਼ੀ ਨੂੰ ਕਿਹਾ, ‘ਕਾਜ਼ੀ ਸਾਹਿਬ, ਆਪਣੇ ਹੱਥ ਆਏ ਗੋਬਿੰਦ ਦੇ ਬੱਚਿਆਂ ਨੂੰ ਰਿਹਾਅ ਕਰਨਾ ਅਕਲਮੰਦੀ ਨਹੀਂ ਹੈ।’ ਕਾਜ਼ੀ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਸੀ। ਉਸ ਨੇ ਫ਼ਤਵਾ ਪੜ੍ਹਿਆ, ‘ਬਾਗ਼ੀ ਦੇ ਪੁੱਤਰਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ।’
ਨਵਾਬ ਮਾਲੇਰਕੋਟਲਾ ਇਸ ਫ਼ਤਵੇ ਵਿਰੁੱਧ ਕੁਝ ਨਾ ਬੋਲ ਸਕੇ। ਉਹ ਬਹੁਤ ਉਦਾਸੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਉਸੇ ਵੇਲੇ ਨਵਾਬ ਵਜ਼ੀਰ ਖਾਂ ਦੇ ਦਰਬਾਰ ਵਿੱਚੋਂ ਉੱਠ ਕੇ ਚਲੇ ਗਏ। ਸਾਹਿਬਜ਼ਾਦਿਆਂ ਨੇ ਠੰਢੇ ਬੁਰਜ ਵਿੱਚ ਜਾ ਕੇ ਸਾਰੀ ਗੱਲਬਾਤ ਦਾਦੀ ਮਾਂ ਨੂੰ ਸੁਣਾਈ। ਦਾਦੀ ਨੇ ਪੋਤਿਆਂ ਨੂੰ ਘੁੱਟ ਕੇ ਆਪਣੇ ਗਲ਼ੇ ਨਾਲ਼ ਲਾਇਆ। ਉਨ੍ਹਾਂ ਦੀ ਪਿੱਠ ’ਤੇ ਸ਼ਾਬਾਸ਼ੀ ਦਿੱਤੀ।
ਆਖ਼ਰ ਤੇਰਾਂ ਪੋਹ ਦੀ ਸਵੇਰ ਚੜ੍ਹੀ। ਮਾਤਾ ਗੁਜਰੀ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ। ਉਹ ਦਾਦੀ ਮਾਂ ਨੂੰ ਫ਼ਤਹਿ ਬੁਲਾ ਕੇ ਦਿ੍ਰੜ੍ਹਤਾ, ਹੌਂਸਲੇ ਤੇ ਬੁਲੰਦ ਇਰਾਦੇ ਨਾਲ ਸਿਪਾਹੀਆਂ ਨਾਲ ਚੱਲ ਪਏ। ਦੋਵੇਂ ਸਾਹਿਬਜ਼ਾਦਿਆਂ ਨੂੰ ਉਸ ਸਥਾਨ ’ਤੇ ਲਿਜਾਇਆ ਗਿਆ, ਜਿੱਥੇ ਇੱਟਾਂ ਦੀ ਇੱਕ ਕੰਧ ਉਸਾਰੀ ਜਾ ਰਹੀ ਸੀ। ਉਸੇ ਸਮੇਂ ਕਾਜ਼ੀ ਵੀ ਉੱਥੇ ਪੁੱਜ ਗਿਆ। ਦੋਵੇਂ ਬਾਲਕ ਆਪਣੇ ਇਰਾਦੇ ’ਤੇ ਅਡੋਲ ਖੜ੍ਹੇ ਰਹੇ। ਉੱਸਰ ਰਹੀ ਕੰਧ ਤੋਂ ਉਨ੍ਹਾਂ ਨੂੰ ਹੋਰ ਵਧੇਰੇ ਬਲ ਮਿਲਿਆ। ਕਾਜ਼ੀ ਨੇ ਜੱਲਾਦਾਂ ਨੂੰ ਤੇਜ਼ੀ ਨਾਲ਼ ਕੰਧ ਉਸਾਰਨ ਦਾ ਹੁਕਮ ਦਿੱਤਾ। ਜਿਉ-ਜਿਉ ਕੰਧ ਉੱਚੀ ਹੁੰਦੀ ਜਾ ਰਹੀ ਸੀ, ਇਨਸਾਨੀਅਤ ਲਈ ਆਪਣੇ ਹਿਰਦੇ ਵਿੱਚ ਦਰਦ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ।
ਸ਼ਾਸ਼ਲ ਬੇਗ, ਬਾਸ਼ਲ ਬੇਗ ਦੋ ਜੱਲਾਦ ਭਰਾਵਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਜਦੋਂ ਮਾਤਾ ਗੁਜਰੀ ਜੀ ਨੂੰ ਦਿੱਤੀ ਗਈ ਤਾਂ ਉਹ ਚੌਂਕੜੀ ਮਾਰਕੇ ਬੈਠ ਗਏ। ਪਿਛਲੇ ਚਾਰ ਦਿਨਾਂ ਤੋਂ ਉਨ੍ਹਾਂ ਕੁਝ ਵੀ ਨਹੀਂ ਸੀ ਖਾਧਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਉਨ੍ਹਾਂ ਦੇ ਮਾਨਸਿਕ ਬਲ ’ਤੇ ਵੀ ਬਹੁਤ ਵੱਡਾ ਪ੍ਰਭਾਵ ਪਾਇਆ। ਇਸ ਪ੍ਰਕਾਰ ਉਸੇ ਪਲ ਉਨ੍ਹਾਂ ਆਪ ਵੀ ਪ੍ਰਾਣ ਤਿਆਗ ਦਿੱਤੇ।
ਉਸੇ ਸ਼ਾਮ ਦੀਵਾਨ ਟੋਡਰ ਮੱਲ ਦੋਵਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਇਜ਼ਾਜਤ ਲੈਣ ਲਈ ਨਵਾਬ ਵਜ਼ੀਰ ਖਾਂ ਦੇ ਦਰਬਾਰ ਵਿੱਚ ਗਏ। ਵਜ਼ੀਰ ਖਾਂ ਨੇ ਟੋਡਰ ਮੱਲ ਨੂੰ ਆਖਿਆ, ‘ਬੱਚਿਆਂ ਅਤੇ ਮਾਈ ਦੇ ਅੰਤਿਮ ਸੰਸਕਾਰ ਲਈ ਤੈਨੂੰ ਜਿੰਨੀਂ ਜ਼ਮੀਨ ਚਾਹੀਦੀ ਹੈ, ਉਸ ਜ਼ਮੀਨ ਉੱਤੇ ਖੜ੍ਹੇ ਲੋਟ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ, ਤਦ ਹੀ ਤੂੰ ਇਨ੍ਹਾਂ ਦੇਹਾਂ ਦਾ ਅੰਤਿਮ ਸੰਸਕਾਰ ਕਰ ਸਕਦਾ ਹੈਂ।’
ਇਤਿਹਾਸਕ ਹਵਾਲਿਆਂ ਅਨੁਸਾਰ ਦੀਵਾਨ ਟੋਡਰ ਮੱਲ ਦੀ ਪਤਨੀ ਨੇ ਆਪਣੇ ਸਾਰੇ ਗਹਿਣੇ ਉਤਾਰ ਕੇ ਅਤੇ ਦੀਵਾਨ ਦੇ ਦੋ ਛੋਟੇ ਪੁੱਤਰਾਂ ਨੇ ਪੈਸਿਆਂ ਨਾਲ਼ ਭਰੀਆਂ ਆਪਣੀਆਂ ਗੋਲਕਾਂ ਉਸ ਨੂੰ ਦੇ ਦਿੱਤੀਆਂ ਸਨ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ। ਜਦੋਂ ਇਹ ਦੌਲਤ ਵੀ ਥੋੜ੍ਹੀ ਪੈ ਗਈ ਤਾਂ ਟੋਡਰ ਮੱਲ ਨੇ ਆਪਣੀ ਹਵੇਲੀ ਵੇਚ ਦਿੱਤੀ ਸੀ। ਇਸ ਪ੍ਰਕਾਰ ਉਸ ਨੇ ਮਿ੍ਰਤਕ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ।ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਰਾਏਕੋਟ ਵਿੱਚ ਸਨ, ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਜਾਣਕਾਰੀ ਉਨ੍ਹਾਂ ਕੋਲ ਨੂਰਾ ਮਾਹੀ ਲੈ ਕੇ ਆਇਆ ਸੀ। ਗੁਰੂ ਜੀ ਨੇ ਉਸੇ ਸਮੇਂ ਆਪਣੇ ਤੀਰ ਦੀ ਨੋਕ ਨਾਲ਼ ਘਾਹ ਦੀ ਇੱਕ ਤਿੜ ਨੂੰ ਪੁੱਟਿਆ ਸੀ ਅਤੇ ਉਹ ਮੂੰਹੋਂ ਬੋਲੇ ਸਨ, ‘ਹੁਣ ਮੁਗ਼ਲਾਂ ਦੇ ਜ਼ੁਲਮੀ ਸਾਮਰਾਜ ਦੀ ਜੜ੍ਹ ਪੁੱਟੀ ਗਈ ਹੈ।’
ਮੋਤੀ ਰਾਮ ਮਹਿਰਾ ਦੀ ਕੁਰਬਾਨੀ
ਜਦੋਂ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰੀ ਅਤੇ ਦੋ ਛੋਟੇ ਸਾਹਿਬਜ਼ਾਦੇ ਭੁੱਖਣ ਭਾਣੇ ਠੰਢੇ ਬੁਰਜ ਵਿੱਚ ਕੈਦ ਕੀਤੇ ਗਏ ਹਨ। ਉਨ੍ਹਾਂ ਕੋਲ ਠੰਢ ਤੋਂ ਬਚਾਅ ਕਰਨ ਲਈ ਕੋਈ ਨਿੱਘਾ ਕੱਪੜਾ ਵੀ ਨਹੀਂ ਹੈ। ਤਦ ਉਸ ਦੀ ਮਾਂ ਅਤੇ ਪਤਨੀ ਨੇ ਉਸ ਨੂੰ ਗਰਮ ਦੁੱਧ ਦੇ ਕੇ ਠੰਢੇ ਬੁਰਜ ਵਿੱਚ ਘੱਲ ਦਿੱਤਾ। ਮਾਤਾ ਗੁਜਰੀ ਅਤੇ ਬਾਲਾਂ ਨੇ ਕੜਾਕੇ ਦੀ ਠੰਢ ਵਿੱਚ ਗਰਮ-ਗਰਮ ਦੁੱਧ ਪੀਤਾ। ਮਾਤਾ ਜੀ ਨੇ ਉਸ ਨੂੰ ਅਨੇਕਾਂ ਅਸੀਸਾਂ ਦਿੱਤੀਆਂ। ਪ੍ਰੰਤੂ ਗੰਗੂ ਬ੍ਰਾਹਮਣ ਦੇ ਭਰਾ ਪੰਮੇ ਨੇ ਨਵਾਬ ਵਜ਼ੀਰ ਖਾਂ ਕੋਲ ਚੁਗ਼ਲੀ ਕੀਤੀ, ‘ਮੋਤੀ ਰਾਮ ਮਹਿਰੇ ਨੇ ਹਕੂਮਤ ਦੇ ਬਾਗ਼ੀਆਂ ਨੂੰ ਦੁੱਧ ਪਿਲਾ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ।’ ਗੁੱਸੇ ਵਿੱਚ ਲਾਲ ਪੀਲੇ ਹੋਏ ਵਜ਼ੀਰ ਖਾਂ ਨੇ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕੋਹਲੂ ਵਿੱਚ ਪੀੜ ਦਿੱਤਾ। ਇਸ ਪ੍ਰਕਾਰ ਬਾਬਾ ਮੋਤੀ ਰਾਮ ਮਹਿਰੇ ਨੇ ਆਪਣੇ ਪਰਿਵਾਰ ਨੂੰ ਸਿੱਖ ਕੌਮ ਤੋਂ ਨਿਸ਼ਾਵਰ ਕਰ ਦਿੱਤਾ।
ਇਤਿਹਾਸ ਦੇ ਲਹੂ ਭਿੱਜੇ ਪੰਨੇ
ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਜਿੱਥੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਨੂੰ ਪਹਿਲ ਦਿੱਤੀ ਗਈ ਹੈ ਉੱਥੇ ਜ਼ਾਲਮ ਅਤੇ ਜ਼ੁਲਮ ਸਾਹਵੇਂ ਵੀ ਨਾ ਝੁਕਣ ਦਾ ਸੰਦੇਸ਼ ਦਿੱਤਾ ਗਿਆ ਹੈ। ਸਿੱਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ’ਤੇ ਰੱਖੀ ਗਈ ਹੈ। ਸੰਸਾਰ ਵਿੱਚ ਤਿੰਨ ਕਿਸਮ ਦੇ ਵਿਅਕਤੀ ਮਿਲਦੇ ਹਨ, ਇੱਕ ਉਹ ਜਿਨ੍ਹਾਂ ਦਾ ਪਿਤਾ ਪਿਤਾਮਾ ਮਹਾਨ ਹੋਏ ਹਨ। ਦੂਜੇ ਉਹ ਜੋ ਖ਼ੁਦ ਕਿਸੇ ਖੇਤਰ ’ਚ ਮਹਾਨ ਹੁੰਦੇ ਹਨ ਅਤੇ ਤੀਜੇ ਉਹ ਲੋਕ ਹਨ ਜਿਨ੍ਹਾਂ ਦਾ ਪਿਤਾ ਤਾਂ ਮਹਾਨ ਨਹੀਂ ਸੀ ਤੇ ਨਾ ਹੀ ਉਹ ਆਪ ਮਹਾਨ ਸਨ, ਪ੍ਰੰਤੂ ਉਹ ਆਪਣੇ ਸੁਹਿਰਦ ਪੁੱਤਰਾਂ ਸਦਕਾ ਮਾਣ ਮਹਿਸੂਸ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਇਨ੍ਹਾਂ ਤਿੰਨਾਂ ਹੀ ਕਿਸਮਾਂ ਤੋਂ ਵਿਲੱਖਣ ਹੈ। ਇਸ ਦੀ ਮਿਸਾਲ ਇਤਿਹਾਸ ਵਿੱਚ ਘੱਟ ਹੀ ਮਿਲਦੀ ਹੈ। ਉਹ ਜਿੱਥੇ ਆਪ ਬਹੁਪੱਖੀ ਵਡਿਆਈ ਦੇ ਮਾਲਕ ਸਨ, ਉੱਥੇ ਉਨ੍ਹਾਂ ਦੇ ਪਿਤਾ ਪਿਤਾਮਾ, ਦਾਦਾ, ਪੜਦਾਦਾ ਤੱਕ ਕਲਾਧਾਰੀ ਮਹਾਂਪੁਰਖ ਸਨ। ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ, ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਇਸ ਤੋਂ ਅੱਗੇ ਕਮਾਲ ਦੀ ਗੱਲ ਇਹ ਕਿ ਆਪ ਦੇ ਚਾਰੇ ਸਪੁੱਤਰ ਵੀ ਕੁਰਬਾਨੀਆਂ ਦੇ ਸਦਕੇ ਇੰਨੇ ਮਹਾਨ ਸਿੱਧ ਹੋਏ ਕਿ ਤਵਾਰੀਖ ਉਨ੍ਹਾਂ ਦੀ ਪ੍ਰਸੰਸਾ ਕਰਦੀ ਨਹੀਂ ਥੱਕਦੀ।
ਕੁੰਮਾ ਮਾਸ਼ਕੀ ਕੋਲ ਕੀਤਾ ਸੀ ਟਿਕਾਣਾ
ਇਤਿਹਾਸਕਾਰਾਂ ਅਨੁਸਾਰ ਮਾਤਾ ਗੁਜਰੀ ਜੀ ਪਰਿਵਾਰ ਤੋਂ ਵਿੱਛੜ ਕੇ ਸਰਸਾ ਨਦੀ ਦੇ ਕੰਢੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਮਿਲ ਜਾਂਦੀ ਹੈ। ਸਰਸਾ ਅਤੇ ਸਤਲੁਜ ਦੇ ਇਸ ਸਾਂਝੇ ਪੱਤਣ ਉੱਤੇ ਕੁੰਮਾ ਨਾਂ ਦੇ ਮਾਸ਼ਕੀ ਦੀ ਘਾਹ ਫ਼ੂਸ ਅਤੇ ਕੱਖਾਂ ਕਾਨਿਆਂ ਦੀ ਬਣੀ ਹੋਈ ਛੋਟੀ ਜਿਹੀ ਇੱਕ ਝੁੱਗੀ ਸੀ। ਬਿੱਖੜੇ ਰਾਹਾਂ ’ਤੇ ਤੁਰਦੇ ਹੋਏ ਮਾਤਾ ਗੁਜਰੀ ਜੀ ਦੋਵੇਂ ਪੋਤਿਆਂ ਨਾਲ ਇਸ ਝੁੱਗੀ ਵਿੱਚ ਪੁੱਜਦੇ ਹਨ।