ਸਫਰ-ਏ-ਸ਼ਹਾਦਤ : ਚਮਕੌਰ ਦੀ ਲਹੂ-ਡੋਲ੍ਹਵੀਂ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਸਰਸਾ ਨਦੀ ‘ਤੇ ਹੋਏ ਹਮਲੇ ਅਤੇ ਨਦੀ ‘ਚ ਆਏ ਤੂਫ਼ਾਨ ਸਦਕਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿੱਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨਦੀ ਦੇ ਕਿਨਾਰੇ ਨਾਲ ਚੱਲਦੇ ਰਹੇ ਅਤੇ ਮੋਰਿੰਡਾ ਵੱਲ੍ਹ ਪਹੁੰਚੇ, ਅਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਚਮਕੌਰ ਪਹੁੰਚ ਗਏ। ਜਿਸ ਵੇਲੇ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਪਹੁੰਚੇ, ਉਸ ਵੇਲੇ ਉਨ੍ਹਾਂ ਨਾਲ ਵੱਡੇ ਸਾਹਿਬਜ਼ਾਦੇ ਅਤੇ ਕੁੱਲ 40 ਕੁ ਸਿੰਘ ਸੀ।

ਪਿੱਛਾ ਕਰ ਰਹੀ ਸੀ ਦੁਸ਼ਮਣ ਫ਼ੌਜ ਨੇ ਪਹੁੰਚਦੇ ਹੀ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਇੱਕ ਪਾਸੇ ਦੁਸ਼ਮਣਾਂ ਦੀ ਵੱਡੀ ਫ਼ੌਜ ਅਤੇ ਦੂਜੇ ਪਾਸੇ ਭੁੱਖਣ-ਭਾਣੇ, ਪਰ ਪੂਰੀ ਚੜ੍ਹਦੀਕਲਾ ਵਾਲੇ ਕੁੱਲ 40 ਕੁ ਸਿੰਘਾਂ ਦਾ ਜੱਥਾ। ਚਮਕੌਰ ਦੀ ਧਰਤੀ ‘ਤੇ ਸੰਸਾਰ ਦੇ ਜੰਗੀ ਇਤਿਹਾਸ ਦੀ ਇੱਕ ਬੇਮਿਸਾਲ ਤੇ ਅਸਾਵੀਂ ਜੰਗ ਹੋਣ ਜਾ ਰਹੀ ਸੀ।

ਗੁਰੂ ਸਾਹਿਬ ਨੇ ਮੈਦਾਨ-ਏ-ਜੰਗ ‘ਚ 5-5 ਸਿੰਘਾਂ ਦੇ ਜੱਥੇ ਭੇਜਣੇ ਸ਼ੁਰੂ ਕੀਤੇ। ਨਿਡਰ ਸਿੰਘ ਦੁਸ਼ਮਣਾਂ ‘ਤੇ ਭੁੱਖੇ ਸ਼ੇਰਾਂ ਵਾਂਗ ਪੈਂਦੇ ਸਨ। ਦੁਸ਼ਮਣ ਫ਼ੌਜਾਂ ‘ਚ ਤਬਾਹੀ ਮਚਾ ਕੇ ਸਿੰਘ ਇੱਕ-ਇੱਕ ਕਰਕੇ ਸ਼ਹੀਦ ਹੋ ਰਹੇ ਸੀ। ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਗੁਰੂ ਪਿਤਾ ਤੋਂ ਇਸ ਯੁੱਧ ‘ਚ ਜੂਝਣ ਦੀ ਆਗਿਆ ਮੰਗੀ। ਸਿੰਘਾਂ ਦੇ ਜੱਥੇ ਨਾਲ ਗੜ੍ਹੀ ‘ਚੋਂ ਬਾਹਰ ਨਿੱਕਲਦਿਆਂ ਹੀ ਉਨ੍ਹਾਂ ਆਪਣੇ ਜੰਗੀ ਹੁਨਰ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ।

ਜੰਗ ਦੇ ਮੈਦਾਨ ‘ਚ ਦੁਸ਼ਮਣਾਂ ਦੇ ਆਹੂ ਲਾਹੁੰਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਰੇ ਅੱਲ੍ਹਾ ਯਾਰ ਖਾਂ ਲਿਖਦਾ ਹੈ –

“ਉਸ ਹਾਥ ਮੇਂ ਬੇ ਬਾਜ਼ੂ ਇ ਗੋਬਿੰਦ ਕੇ ਕਸਬਲ।
ਫ਼ਰਜ਼ੰਦ ਕੀ ਤਲਵਾਰ ਸੇ ਥੱਰਰਾ ਗਏ ਜਲ ਥਲ ।।
ਜ਼ਿੰਦੋਂ ਕਾ ਤੋ ਕਿਆ ਜ਼ਿਕਰ, ਹੈ ਮੁਰਦੇ ਹੂਏ ਬੇਕਲ।
ਸ਼ਮਸ਼ਾਨ ਮੇਂ ਥਾ ਸ਼ੋਰ; ਮਜ਼ਾਰੋ ਮੇਂ ਥੀ ਹਲਚਲ ।।”

ਜੈਕਾਰਿਆਂ ਦੀ ਗੂੰਜ ‘ਚ ਉਨ੍ਹਾਂ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਅਤੇ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰਨ ਲਈ ਸ਼ਹੀਦੀ ਅਰਪਣ ਕੀਤੀ।

ਵੱਡੇ ਵੀਰ ਦੀ ਸ਼ਹੀਦੀ ਤੋਂ ਬਾਅਦ ਛੋਟੇ ਵੀਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਅੰਦਰ ਵੀ ਰਣ ‘ਚ ਜੂਝਣ ਦਾ ਚਾਅ ਫ਼ੁੱਟ ਰਿਹਾ ਸੀ ਅਤੇ ਉਨ੍ਹਾਂ ਵੀ ਗੁਰੂ ਪਿਤਾ ਤੋਂ ਮੈਦਾਨ-ਏ-ਜੰਗ ‘ਚ ਜਾਣ ਦੀ ਆਗਿਆ ਮੰਗੀ। ਤਾਬੜ-ਤੋੜ ਹਮਲਿਆਂ ਨਾਲ ਅਨੇਕਾਂ ਦੁਸ਼ਮਣਾਂ ਦੀਆਂ ਲਾਸ਼ਾਂ ਗਿਰਾਉਣ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਹੋਰਨਾਂ ਸਿੰਘਾਂ ਨਾਲ ਸ਼ਹਾਦਤ ਦਾ ਜਾਮ ਪੀ ਗਏ।

ਚਮਕੌਰ ਦੀ ਜੰਗ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਆਪਣੀ ਔਲਾਦ ਮੰਨਿਆ, ਅਤੇ ਜਦੋਂ ਸ਼ਹੀਦੀਆਂ ਦੀ ਲੋੜ ਪਾਈ ਤਾਂ ਉਨ੍ਹਾਂ ਅੱਗੇ ਆ ਕੇ ਖ਼ੁਦ ਆਪਣਾ ਪਰਿਵਾਰ ਵਾਰਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ, ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟਿ ਨਮਨ।

Leave a Reply

Your email address will not be published. Required fields are marked *