ਵਿਸ਼ਵ ਪੱਧਰ ’ਤੇ ਖੇਡਾਂ ‘ਚ ਨਿੱਤ ਨਵੇਂ ਰਿਕਾਰਡ ਸਿਰਜ ਰਹੀਆਂ ਹਨ ਭਾਰਤੀ ਖਿਡਾਰਨਾਂ

ਓਲੰਪਿਕ ਖੇਡਾਂ ਨਾਲ ਜੁੜੇ ਮਿਥਿਹਾਸ ਅਤੇ ਇਤਿਹਾਸ ਨੂੰ ਵਾਚਿਆਂ ਪਤਾ ਚੱਲਦਾ ਹੈ ਕਿ ਵਿਸ਼ਵ ਪੱਧਰ ’ਤੇ ਔਰਤਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਪੁਰਾਤਨ ਸਮੇਂ ਤੋਂ ਹੀ ਵਰਜਿਤ ਸੀ | ਉਸ ਵੇਲੇ ਤੋਂ ਹੀ ਮਰਦਾਂ ਦੀ ਹੈਂਕੜ ਨੇ ਔਰਤ ਨੂੰ ਦੂਜੇ ਦਰਜੇ ’ਤੇ ਰੱਖਿਆ ਤੇ ਪੁਰਾਤਨ ਓਲੰਪਿਕ ਖੇਡਾਂ ਦੇ ਸਮੇਂ ਵਿੱਚ ਔਰਤਾਂ ਨੂੰ ਖੇਡਾਂ ਵਿੱਚ ਭਾਗ ਲੈਣਾ ਤਾਂ ਦੂਰ ਦੀ ਗੱਲ, ਇਨ੍ਹਾਂ ਨੂੰ ਖੇਡਾਂ ਦੇਖਣ ਦੀ ਵੀ ਮਨਾਹੀ ਸੀ| ਸੰਨ 1896 ਵਿੱਚ ਯੂਨਾਨ ਦੀ ਰਾਜਧਾਨੀ ਏਥਨਜ਼ ਵਿੱਖੇ ਸ਼ੁਰੂ ਹੋਈਆਂ ਨਵੀਨ ਓਲੰਪਿਕ ਖੇਡਾਂ ਵੀ ਔਰਤਾਂ ਦੀ ਹਿੱਸੇਦਾਰੀ ਪੱਖੋਂ ਵਿਰਵੀਆਂ ਸਨ| ਪੈਰਿਸ (ਫਰਾਂਸ) ਵਿੱਖੇ ਸੰਨ 1900 ਵਿੱਚ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਿਰਫ਼ 6 ਔਰਤਾਂ ਨੇ ਭਾਗ ਲਿਆ ਤੇ ਬਰਤਾਨੀਆ ਦੀ ਟੈਨਿਸ ਖਿਡਾਰਨ ਚੈਰਲਟ ਕੂਪਰ ਨੇ ਸੋਨ ਤਗ਼ਮਾ ਜਿੱਤ ਕੇ ਪਹਿਲੀ ਮਹਿਲਾ ਓਲੰਪਿਕ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ| ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਨੋਰਾ ਪੋਲੀ ਨੇ ਟੈਨਿਸ ਖੇਡ ਵਿੱਚ 1924 ਦੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਭਾਗ ਲਿਆ| ਇਸ ਤੋਂ ਬਾਅਦ 1952 ਦੇ ਹੇਲਸਿੰਕੀ ਓਲੰਪਿਕਸ ਵਿੱਚ ਚਾਰ ਭਾਰਤੀ ਖਿਡਾਰਣਾ ਨੀਲਿਮਾ ਘੋਸ਼ ਅਤੇ ਮੈਰੀ ਡਿਸੂਜ਼ਾ ਸੇਕੁਰਿਆ ਨੇ ਅਥਲੈਟਿਕਸ, ਡੌਲੀ ਨਜ਼ੀਰ ਤੇ ਆਰਤੀ ਸਾਹਾ ਨੇ ਤੈਰਾਕੀ ਵਿੱਚ ਹਿੱਸਾ ਲਿਆ| ਸਿਰਫ਼ 17 ਸਾਲ ਨੂੰ ਢੁੱਕੀ ਨੀਲਿਮਾ ਘੋਸ਼ ਨੇ 100 ਮੀਟਰ ਦੌੜ ਵਿੱਚ 13.8 ਸਕਿਟਾਂ ਦਾ ਸਮਾਂ ਕੱਢਿਆ ਤੇ ਅਗਲੇ ਰਾਉਂਡ ਵਿੱਚ ਦਾਖ਼ਲਾ ਪਾਇਆ | ਇਸ ਪ੍ਰਕਾਰ ਉਹ ਪਹਿਲੀ ਭਾਰਤੀ ਅਥਲੀਟ ਬਣ ਗਈ ਜਿਸ ਨੇ ਇਸ ਓਲੰਪਿਕ ਦੇ ਟਰੈਕ ਐਂਡ ਫ਼ੀਲਡ ਈਵੈਂਟ ਵਿੱਚ ਦੂਜੇ ਗੇੜ ’ਚ ਦਾਖ਼ਲਾ ਪਾਇਆ|

ਸੰਨ 2000 ਦੀ ਸਿਡਨੀ ਓਲੰਪਿਕਸ ਵਿੱਚ ਭਾਰਤੀ ਖਿਡਾਰਨਾਂ ਦੀ ਖੇਡ ਪ੍ਰਾਪਤੀਆਂ ਦਾ ਪਹੁ-ਫੁਟਾਲਾ ਹੋਇਆ| ਇਨ੍ਹਾਂ ਖੇਡਾਂ ਵਿੱਚ ਭਾਰਤੀ ਭਾਰ ਤੋਲਕ ਕਰਨਮ ਮਾਲੇਸ਼ਵਰੀ ਨੇ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਔਰਤ ਵਰਗ ਦਾ ਪਹਿਲਾ ਵਿਅਕਤੀਗਤ ਮੈਡਲ ਹਾਸਿਲ ਕੀਤਾ | ਜਦੋਂ ਉਹ ਚੁੱਕੇ ਭਾਰ ਦਾ ਬਾਲਾ ਕੱਢ ਕੇ ਮੰਚ ਤੋਂ ਉਤਰੀ ਤਾਂ ਦਰਜਨਾਂ ਅਖ਼ਬਾਰਾਂ ਤੇ ਚੈਨਲਾਂ ਦੇ ਕੈਮਰਿਆਂ ਦੀਆਂ ਅੱਖਾਂ ਨੇ ਉਸਦੀਆਂ ਤਸਵੀਰਾਂ ਲੈਣ ਲਈ ਜਗ ਬੁੱਝ ਕੀਤੀ| ਇਸ ਓਲੰਪਿਕ ਵਿੱਚ ਭਾਰਤੀ ਖੇਡ ਦਲ ਦੇ 65 ਖਿਡਾਰੀਆਂ ਵਿੱਚ 21 ਔਰਤ ਖਿਡਾਰਨਾਂ ਸ਼ਾਮਿਲ ਸੀ ਜੋ ਉਦੋਂ ਵੱਡੀ ਗੱਲ ਸੀ| ਲੰਡਨ ਹੋਈਆਂ ਸੰਨ 2012 ਦੀਆਂ ਓਲੰਪਿਕ ਵਿੱਚ ਸਾਇਨਾ ਨੇਹਵਾਲ ਨੇ ਬੈਡਮਿੰਟਨ ਸਿੰਗਲ ਵਿੱਚੋਂ ਸਿਲਵਰ ਮੈਡਲ ਅਤੇ ਮੈਰੀ ਕਾਮ ਨੇ ਬਾਕਸਿੰਗ ਦਾ ਬਰੋਨਜ਼ ਮੈਡਲ ਜਿੱਤ ਕੇ ਚਾਰੇ ਪਾਸੇ ਕੁੜੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ| ਇਸ ਤੋਂ ਇਲਾਵਾ ਮੇਰੀਕੋਮ ਨੇ ਛੇ ਵਾਰ ਵਿਸ਼ਵ ਬਾਕਸਿੰਗ ਮੁਕਾਬਲੇ ਵਿੱਚੋਂ ਗੋਲਡ ਮੈਡਲ, ਇਕ ਵਾਰੀ ਸਿਲਵਰ ਮੈਡਲ ਤੇ ਇਕ ਵਾਰੀ ਬਰੌਂਜ਼ ਮੈਡਲ ਜਿੱਤ ਕੇ ਬਾਕਸਿੰਗ ਖੇਡ ’ਚ ਆਪਣਾ ਸਿੱਕਾ ਜਮਾਇਆ| 2016 ਦੇ ਰਿਓ ਡੀ ਜਨੇਰਿਓ ਦੀ ਓਲੰਪਿਕਸ ਵਿੱਚ ਦੇਸ਼ ਦੀਆਂ ਬੇਟੀ ਪੀਵੀ. ਸਿੰਧੂ ਨੇ ਬੈਡਮਿੰਟਨ ਸਿੰਗਲ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਅਤੇ ਬੇਟੀ ਸਾਕਸੀ ਮਲਿਕ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਸਿਰ ਉਚਾ ਕੀਤਾ| ਜਪਾਨ ਦੀ ਰਾਜਧਾਨੀ ਟੋਕਿਓ ਵਿਖੇ ਹੋਈਆਂ 2020 ਦੀਆਂ ਓਲੰਪਿਕ ਖੇਡਾਂ ’ਚ ਮੀਰਾ ਬਾਈ ਚਾਨੂੰ ਨੇ ਭਾਰ ਤੋਲਣ ਵਿੱਚ ਸਿਲਵਰ ਮੈਡਲ, ਪੀਵੀ . ਸਿੰਧੂ ਨੇ ਬੈਡਮਿੰਟਨ ਸਿੰਗਲ ’ਚ ਬਰੋਨਜ਼ ਮੈਡਲ (ਦੂਸਰਾ ਓਲੰਪਿਕ ਮੈਡਲ) ਤੇ ਲਵਲੀਨਾ ਬੋਰਗੋਹਾਈਂਨ ਨੇ ਬਾਕਸਿੰਗ ’ਚੋਂ ਬਰੋਨਜ਼ ਮੈਡਲ ਜਿੱਤ ਕੇ ਇਹ ਦਰਸਾ ਦਿੱਤਾ ਕਿ ਭਾਰਤੀ ਖਿਡਾਰਨਾਂ ਕਿਸੇ ਨਾਲੋਂ ਕਿਸੇ ਵੀ ਗੱਲ ਤੋਂ ਘੱਟ ਨਹੀਂ ਹਨ|

2022 ਦੀਆਂ ਬਰਮਿੰਘਮ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਸਾਡੇ ਖਿਡਾਰੀਆਂ ਨੇ 22 ਸੋਨ ਤਗ਼ਮੇ ਜਿੱਤੇ ਜਿਨ੍ਹਾਂ ਵਿੱਚੋਂ 8 ਸੋਨ ਤਗ਼ਮੇ ਇਕੱਲੇ ਔਰਤ ਖਿਡਾਰਨਾਂ ਦੇ ਸਨ| ਜ਼ਿਕਰ ਕੀਤੀਆਂ ਖੇਡਾਂ ਵਿੱਚ ਜਿੱਤੇ ਕੁੱਲ 61 ਮੈਡਲਾਂ ਵਿੱਚੋਂ 23 ਮੈਡਲ ਸਾਡੀਆਂ ਖਿਡਾਰਨਾਂ ਦੇ ਸਨ| ਜੋ ਮਰਦ ਖਿਡਾਰੀਆਂ ਵੱਲੋਂ ਜਿੱਤੇ ਕੁੱਲ ਮੈਡਲਾਂ ਦਾ 37.7 ਪ੍ਰਤੀਸ਼ਤ ਬਣਦਾ ਹੈ| ਮਾਰਚ 2023 ਵਿੱਚ ਦਿੱਲ੍ਹੀ ਵਿਖੇ ਹੋਈ ਵਿਸ਼ਵ ਮਹਿਲਾ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਸਾਡੇ ਦੇਸ਼ ਦੀਆਂ ਚਾਰ ਧਾਕੜ ਮੁੱਕੇਬਾਜ਼ ਖਿਡਾਰਨਾਂ ਲਵਨੀਨਾ ਬੋਰਗੋਹੇਨ, ਨੀਤੂ ਘੰਘਾਸ , ਨਿਖਿਤ ਜ਼ਰੀਂਨ ਅਤੇ ਸਵੀਟੀ ਬੂਰਾ ਨੇ ਆਪੋ-ਆਪਣੇ ਭਾਰ ਵਰਗ ’ਚੋਂ ਸੋਨ ਤਗ਼ਮੇ ਜਿੱਤ ਕੇ ਇਸ ਚੈਂਪੀਅਨਸ਼ਿਪ ਵਿੱਚੋਂ ਵਿਸ਼ਵ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਦੁਨੀਆ ’ਚ ਆਪਣੀ ਧਾਂਕ ਜਮਾ ਦਿੱਤੀ| ਨਿਖਿਤ ਜ਼ਰੀਨ ਨੇ ਆਪਣੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਿਆਂ ਵਿਸ਼ਵ ਬਾਕਸਿੰਗ ਮੁਕਾਬਲੇ ’ਚੋਂ ਲਗਾਤਾਰ ਇਹ ਦੂਜਾ ਗੋਲਡ ਮੈਡਲ ਜਿੱਤਿਆ ਹੈ| ਸਤੰਬਰ-ਅਕਤੂਬਰ 2023 ਵਿਚ ਚੀਨ ਦੇ ਸ਼ਹਿਰ ਹਾਂਗਝੂ ਵਿਖੇ ਹੋਈਆਂ ਏਸ਼ੀਆਈ ਖੇਡਾਂ ’ਚ ਭਾਰਤੀ ਖਿਡਾਰੀਆਂ ਦੇ 661 ਮੈਂਬਰੀ ਖੇਡ ਦਲ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ 326 ਭਾਰਤੀ ਔਰਤ ਖਿਡਾਰਣਾਂ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਆਪਣੀ ਹਿੱਸੇਦਾਰੀ ਪਾਈ ਤੇ ਉਨ੍ਹਾਂ ਨੇ 38 ਟੀਮ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਦੀਆਂ ਖੇਡਾਂ ’ਚ ਹਿੱਸਾ ਲੈ ਕੇ ਕੁੱਲ 46 ਮੈਡਲ ਜਿੱਤੇ ਜਿਨ੍ਹਾਂ ਵਿੱਚ 9 ਗੋਲਡ ,17 ਸਿਲਵਰ ਅਤੇ 20 ਬਰੋਨਜ਼ ਮੈਡਲ ਸਨ|

ਭਾਰਤੀ ਖਿਡਾਰਨ ਸਮਾਜ ਵੱਲੋਂ ਲਾਈਆਂ ਬੰਦਿਸ਼ਾਂ ਦੇ ਕੰਡਿਆਲੇ ਰਾਹਾਂ ਨੂੰ ਸਰ ਕਰਦੀ ਹੋਈ ਵਿਸ਼ਵ ਅਤੇ ਓਲੰਪਿਕ ਖੇਡਾਂ ਦੇ ਜਿੱਤ ਮੰਚ ’ਤੇ ਅੱਪੜ ਚੁੱਕੀ ਹੈ| ਭਾਰਤ ਦੀ ਜਨ ਸੰਖਿਆ ਮੁਤਾਬਿਕ ਔਰਤਾਂ ਦੀ ਫੀਸਦੀ 48.04 ਤੇ ਪੁਰਸ਼ਾਂ ਦੀ 51.96 ਹੈ| ਬਰਾਬਰ ਦੀ ਜਨ ਸੰਖਿਆ ਫੀਸਦੀ ਹੋਣ ਦੇ ਬਾਵਜੂਦ ਪੁਰਸ਼ ਖਿਡਾਰੀਆਂ ਦੇ ਮੁਕਾਬਲੇ ਉਨ੍ਹਾਂ ਨੂੰ ਮਿਲਦੀਆਂ ਖੇਡ ਸਹੂਲਤਾਂ ਨਿਗੂਣੀਆਂ ਨੇ | ਲੜਕੀਆਂ ਲਈ ਵੱਖਰੇ ਲੇਡੀ ਕੋਚ ਅਤੇ ਵੱਖਰੇ ਖੇਡ ਗਰਾੳੂਂਡ ਨਹੀਂ| ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੋਈ ਟੀਵੀ. ਦਾ ਰਿਐਲਟੀ ਸ਼ੋਅ ਪ੍ਰਸਾਰਿਤ ਨਹੀਂ | ਸੋ ਅਜੋਕੇ ਅਗਾਂਹਵਧੂ ਯੁੱਗ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਨੂੰ ਜਿਥੇ ਅੱਗੇ ਵੱਧਣ ਦੇ ਬਰਾਬਰ ਦੇ ਮੌਕੇ ਹੋਣੇ ਚਾਹੀਦੇ ਨੇ ਉਥੇ ਮਿਲਣ ਵਾਲੇ ਪੁਰਸਕਾਰ ਵੀ ਬਰਾਬਰਤਾ ਅਨੁਸਾਰ ਮਿਲਣੇ ਚਾਹੀਦੇ ਹਨ|

Leave a Reply

Your email address will not be published. Required fields are marked *