ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲੇ ‘ਚ ਪ੍ਰਨੀਤ ਕੌਰ ਨੇ ਜਿੱਤਿਆ ਸੋਨ ਤਮਗ਼ਾ
ਬੁਢਲਾਡਾ-ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਅਧਿਆਪਕ ਅਵਤਾਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਖੇਡ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਵਿਸ਼ਵ ਕੱਪ ਅਤੇ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲਿਸਟ ਰਹਿਣ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਚੱਲ ਰਹੇ ਵਿਸ਼ਵ ਕੱਪ ਤੀਰਅੰਦਾਜ਼ੀ ਸਟੇਜ-1 ਦੇ ਮੁਕਾਬਲਿਆਂ ਵਿਚ ਆਪਣੀਆਂ ਖਿਡਾਰੀ ਸਾਥਣਾਂ ਅਦਿਤੀ ਗੋਪੀ ਚੰਦ ਅਤੇ ਜਯੋਤੀ ਸੁਰੇਖਾ ਵੇਨਮ ਸਮੇਤ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿਚ ਇਟਲੀ ਨੂੰ 11 ਅੰਕਾਂ ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ ਹੈ। ਇਨ੍ਹਾਂ ਦਿਨੀਂ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਪ੍ਰਨੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਭਾਰਤ ਲਈ ਲਗਾਤਾਰ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਕਰਦੀ ਆ ਰਹੀ ਹੈ।