ਵਰਕ ਵੀਜਾ ਨੂੰ ਜਾਰੀ ਕਰਨ ਨੂੰ ਲੈਕੇ ਹੋ ਰਹੀ ਦੇਰੀ ਨੂੰ ਲੈਕੇ ਜਲਦ ਹੀ ਕੱਢਿਆ ਜਾਏਗਾ ਪੱਕਾ ਹੱਲ
ਐਕਰੀਡੇਟਡ ਇਮਪਲਾਇਰ ਵਰਕ ਵੀਜਾ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਲੈਕੇ ਹੋ ਰਹੀ ਦੇਰੀ ਬਾਰੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਬਾਰੇ ਉਨ੍ਹਾਂ ਬੀਤੇ ਹਫਤੇ ਈਐਮਏ ਦੀ ਹੋਈ ਇੱਕ ਵਿਸ਼ੇਸ਼ ਇਵੈਂਟ ਦੌਰਾਨ ਕਬੂਲਿਆ ਵੀ ਹੈ। ਪਰ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੇਰੀ ਜਾਂ ਦਿੱਕਤ ਉਨ੍ਹਾਂ ਦੀ ਸਰਕਾਰ ਜਾਂ ਇਮੀਗ੍ਰੇਸ਼ਨ ਦੀ ਢਿੱਲੀ ਕਾਰਵਾਈ ਦੀ ਦੇਣ ਨਹੀਂ, ਬਲਕਿ ਸਾਬਕਾ ਲੇਬਰ ਸਰਕਾਰ ਦੀ ਦੇਣ ਹੈ, ਜਿਨ੍ਹਾਂ ਇਸ ਵੀਜੇ ਨੂੰ 2022 ਵਿੱਚ ਸ਼ੁਰੂ
ਕੀਤਾ ਸੀ ਤਾਂ ਜੋ ਵਿਦੇਸ਼ੀ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣਾ ਆਸਾਨ ਹੋ ਜਾਏ, ਪਰ ਇਸਦੇ ਨਾਲ ਹੀ ਮਨਿਸਟਰ ਐਰੀਕਾ ਸਟੇਨਫੋਰਡ ਨੇ ਦੱਸਿਆ ਕਿ ਐਕਰੀਡੇਟਡ ਵਰਕ ਵੀਜਾ ਦੀ ਪ੍ਰੋਸੈਸਿੰਗ ਨੂੰ ਲੈਕੇ ਬਣਾਇਆ ਟਾਈਮਫਰੇਮ ਭਾਵ 10 ਦਿਨ ਵਿੱਚ ਇਮਪਲਾਇਰ ਨੂੰ ਐਕਰੀਡੇਸ਼ਨ ਜਾਰੀ ਕਰਨਾ, 10 ਵਿੱਚ ਜੋਬ ਚੈੱਕ ਪ੍ਰੋਸੈਸ ਕਰਨਾ ਜਾਂ ਫਿਰ 20 ਦਿਨ ਵਿੱਚ ਵੀਜਾ ਜਾਰੀ ਕਰਨਾ ਕਦੇ ਵੀ ਨਿਆਂ ਸੰਗਤ ਤੇ ਸੁਖਾਲਾ ਕੰਮ ਨਹੀਂ ਸੀ ਤੇ ਨਤੀਜੇ ਵਜੋਂ ਉਨ੍ਹਾਂ ਮਾਲਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਜੋ ਪ੍ਰਵਾਸੀਆਂ ਤੋਂ ਪੈਸਾ ਉਗਰਾਹੁਣ ਤੇ ਉਨ੍ਹਾਂ ਨੂੰ ਸੋਸ਼ਣ ਦਾ ਸ਼ਿਕਾਰ ਬਨਾਉਣਾ ਆਪਣਾ ਸ਼ੌਕ ਤੇ ਪੈਸੇ ਕਮਾਉਣ ਦਾ ਆਸਾਨ ਤਰੀਕਾ ਸਮਝਦੇ ਸਨ। ਮਨਿਸਟਰ ਐਰੀਕਾ ਸਟੇਨਫੋਰਡ ਨੇ ਇਨ੍ਹਾਂ ਸਭ ਖਾਮੀਆਂ ਨੂੰ ਖਤਮ ਕਰਨ ਅਤੇ ਐਕਰੀਡੇਟਡ ਵਰਕ ਵੀਜਾ ਸ਼੍ਰੇਣੀ ਨੂੰ ਸਹੀ ਮਾਲਕਾਂ ਲਈ ਭਰੋਸੇਮੰਦ ਬਨਾਉਣ ਦੀ ਗੱਲ ਵੀ ਕਹੀ ਹੈ, ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਮਕਸਦ ਇਸ ਸ਼੍ਰੇਣੀ ਵਿੱਚ ਅਹਿਮ ਬਦਲਾਅ ਕਰਨਾ ਹੈ ਤਾਂ ਜੋ ਸਹੀ ਮਾਲਕ ਹੀ ਨਿਊਜੀਲੈਂਡ ਵਿੱਚ ਪ੍ਰਵਾਸੀ ਕਰਮਚਾਰੀਆਂ ਨੂੰ ਬੁਲਾ ਸਕਣ।