ਵਟਸਐਪ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਕਈ ਫ਼ੋਨਾਂ ‘ਤੇ ਇੱਕੋ ਸਮੇਂ ਚਲਾ ਸਕੋਗੇ ਇੱਕ ਖਾਤਾ
ਵਟਸਐਪ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ, ਜਿਸ ਦੇ ਤਹਿਤ ਇੰਸਟੈਂਟ ਮੈਸੇਜਿੰਗ ਐਪ ‘ਤੇ ਹੁਣ ਯੂਜ਼ਰਸ ਨੂੰ ਇੱਕ ਹੋਰ ਸ਼ਾਨਦਾਰ ਫੀਚਰ ਮਿਲਣ ਜਾ ਰਿਹਾ ਹੈ। ਇਸ ਨਵੇਂ ਫੀਚਰ ਦੇ ਤਹਿਤ ਹੁਣ ਯੂਜ਼ਰਸ ਇੱਕ ਹੀ ਅਕਾਊਂਟ ਨੂੰ ਕਈ ਫੋਨਾਂ ‘ਤੇ ਇੱਕੋ ਸਮੇਂ ਚਲਾ ਸਕਣਗੇ। WhatsApp ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਕਿਹਾ, “ਇਹ ਵਿਸ਼ੇਸ਼ਤਾ ਵਿਸ਼ਵ ਪੱਧਰ ‘ਤੇ ਰੋਲਆਊਟ ਹੋਣੀ ਸ਼ੁਰੂ ਹੋ ਗਈ ਹੈ ਅਤੇ ਕੁਝ ਹਫ਼ਤਿਆਂ ਵਿੱਚ ਹਰ ਕਿਸੇ ਲਈ ਉਪਲਬਧ ਹੋਵੇਗੀ।” ਪਲੇਟਫਾਰਮ ਨੇ ਕਿਹਾ, “ਅੱਜ, ਅਸੀਂ ਇੱਕ ਤੋਂ ਵੱਧ ਫੋਨਾਂ ‘ਤੇ ਇੱਕ ਵਟਸਐਪ ਅਕਾਊਂਟ ਚਲਾਉਣ ਦਾ ਫੀਚਰ ਲਾਂਚ ਕਰ ਰਹੇ ਹਾਂ।”
ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਹਨ। ਇਹ ਉਹਨਾਂ ਨੂੰ ਆਪਣੇ ਫੋਨ ਵਿੱਚ ਚਾਰ ਵਾਧੂ ਡਿਵਾਈਸਾਂ ਨੂੰ ਜੋੜਨ ਦੀ ਇਜਾਜ਼ਤ ਦੇਵੇਗਾ, ਜਿਵੇਂ ਤੁਸੀਂ ਵੈੱਬ ਬ੍ਰਾਊਜ਼ਰਾਂ, ਟੈਬਲੇਟਾਂ ਅਤੇ ਡੈਸਕਟਾਪਾਂ ‘ਤੇ WhatsApp ਸ਼ਾਮਿਲ ਕਰਦੇ ਹੋ।
ਪਲੇਟਫਾਰਮ ਨੇ ਕਿਹਾ, ਵਟਸਐਪ ਅਕਾਊਂਟ ਨਾਲ ਜੁੜਿਆ ਹਰ ਫ਼ੋਨ ਇਹ ਯਕੀਨੀ ਬਣਾਏਗਾ ਕਿ ਸਿਰਫ਼ ਉਪਭੋਗਤਾ ਦੇ ਨਿੱਜੀ ਸੁਨੇਹੇ, ਮੀਡੀਆ ਅਤੇ ਕਾਲਾਂ ਉਸ ਅਤੇ ਉਸ ਦੇ ਸੰਪਰਕ ਨੂੰ ਜਾਣੀਆਂ ਜਾਣ।
ਵਟਸਐਪ (WhatsApp) ਨੇ ਇੱਕ ਬਿਆਨ ਵਿੱਚ ਕਿਹਾ, “ਜੇਕਰ ਤੁਹਾਡੀ ਅਸਲੀ ਡਿਵਾਈਸ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹੈ ਤਾਂ ਅਸੀਂ ਤੁਹਾਨੂੰ ਹੋਰ ਸਾਰੀਆਂ ਡਿਵਾਈਸਾਂ ‘ਤੇ WhatsApp ਤੋਂ ਆਪਣੇ ਆਪ ਲੌਗ ਆਊਟ ਕਰ ਦੇਵਾਂਗੇ।”