ਲੋਕ ਸਭਾ ਚੋਣਾਂ 2024 : BJP ਵੱਲੋਂ ਰਾਜ ਚੋਣ ਕਮੇਟੀ ਦਾ ਐਲਾਨ, ਕੈਪਟਨ, ਜਾਖੜ ਸਣੇ ਇਨ੍ਹਾਂ ਲੀਡਰਾਂ ਨੂੰ ਮਿਲੀ ਥਾਂ
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੂਬਾ ਚੋਣ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਪਾਰਟੀ ਦੇ 19 ਸੀਨੀਅਰ ਆਗੂਆਂ ਦੇ ਨਾਂ ਸ਼ਾਮਲ ਹਨ।
ਸੂਬਾ ਚੋਣ ਕਮੇਟੀ ਨੂੰ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਵਾਨਗੀ ਦਿੱਤੀ ਹੈ। ਸੂਬਾ ਚੋਣ ਕਮੇਟੀ ਵਿੱਚ ਸੁਨੀਲ ਜਾਖੜ ਤੋਂ ਇਲਾਵਾ ਕੌਮੀ ਕਾਰਜਕਾਰਨੀ ਮੈਂਬਰ ਕੈਪਟਨ ਅਮਰਿੰਦਰ ਸਿੰਘ, ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕਮੇਟੀ ਵਿੱਚ ਸਾਬਕਾ ਸੂਬਾ ਪ੍ਰਧਾਨ ਤੇ ਕੌਮੀ ਕਾਰਜਕਾਰਨੀ ਮੈਂਬਰ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਤੇ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਕੌਮੀ ਕਾਰਜਕਾਰਨੀ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ, ਵਿਸ਼ੇਸ਼ ਸੱਦੇ ਤੇ ਕੌਮੀ ਕਾਰਜਕਾਰਨੀ ਮੈਂਹਰ ਹਰਜੀਤ ਸਿੰਘ ਗਰੇਵਾਲ, ਸ਼੍ਰੀਮੰਥਰੀ ਸ਼੍ਰੀਨਿਵਾਸਲੂ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਅਨਿਲ ਸਰੀਨ, ਡਾ. ਜਗਮੋਹਨ ਸਿੰਘ ਰਾਜੂ (ਸਾਬਕਾ ਆਈਏਐੱਸ), ਪਰਮਿੰਦਰ ਬਰਾੜ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਸ਼੍ਰੀਮਤੀ ਜੈਇੰਦਰ ਕੌਰ, ਵਿਸੇਸ਼ ਸੱਦਾ ਮੈਂਬਰ ਕੌਮੀ ਉਪ ਪ੍ਰਧਾਨ ਸੌਦਾਨ ਸਿੰਘ, ਗੁਜਰਾਤ ਦੇ ਸਾਬਕਾ ਮੁੱਖ ਮੰਤਤਰੀ ਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਣੀ, ਭਾਜਪਾ ਪੰਜਾਬ ਦੇ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ ਨੂੰ ਸ਼ਾਮਲ ਕੀਤਾ ਗਿਆ ਹੈ।
ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਭਾਜਪਾ ਨੇ ਸੂਬੇ ਦੀਆਂ ਸਾਰੀਆਂ 13 ਸੀਟਾਂ ‘ਤੇ ਚੋਣ ਪ੍ਰਕਿਰਿਆ ਨੂੰ ਦੇਖਣ ਲਈ 38 ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਵਿੱਚ ਚੋਣ ਪ੍ਰਬੰਧਨ ਕਮੇਟੀ, ਚੋਣ ਦਫ਼ਤਰ, ਕਾਲ ਸੈਂਟਰ, ਦਫ਼ਤਰ ਪ੍ਰਬੰਧਨ, ਪ੍ਰੋਟੋਕੋਲ, ਮੀਡੀਆ ਵਿਭਾਗ, ਸਰੋਤ, ਲੇਖਾ ਸਮੇਤ ਕੁੱਲ 38 ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤੇ ਗਏ ਹਨ। ਇਹ ਸਾਰੇ ਨਾਮਜ਼ਦਗੀ ਰਾਹੀਂ ਚੋਣ ਪ੍ਰਚਾਰ, ਰੈਲੀਆਂ ਅਤੇ ਮੀਟਿੰਗਾਂ ਦੀ ਜ਼ਿੰਮੇਵਾਰੀ ਸੰਭਾਲਣਗੇ।