ਲੋਕ ਸਭਾ ਚੋਣਾਂ 2024 : ਸਾਰੇ ਉਮੀਦਵਾਰ ਐਲਾਨੇ ਜਾਣ ਮਗਰੋਂ ਤਸਵੀਰ ਸਾਫ਼ ਹੋਈ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਪ੍ਰਮੁੱਖ ਪਾਰਟੀਆਂ ਵਲੋਂ ਸਾਰੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਬਾਅਦ ਹੁਣ ਹੋਣ ਵਾਲੇ ਮੁਕਾਬਲਿਆਂ ਨੂੰ ਲੈ ਕੇ ਤਸਵੀਰ ਕਾਫ਼ੀ ਸਾਫ਼ ਹੋ ਗਈ ਹੈ। ਐਲਾਨੇ ਗਏ ‘ਆਪ’, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੇ ਕੁੱਝ ਹੋਰ ਪ੍ਰਮੁੱਖ ਉਮੀਦਵਾਰਾਂ ’ਤੇ ਨਜ਼ਰ ਮਾਰੀਏ ਤਾਂ ਬਹੁਕੋਨੀ ਮੁਕਾਬਲਿਆਂ ਨੂੰ ਲੈ ਕੇ ਸਥਿਤੀ ਸਪੱਸ਼ਟ ਹੁੰਦੀ ਹੈ। ਇਸ ਵਾਰ ਕੋਈ ਵੀ ਗਠਜੋੜ ਨਾ ਹੋਣ ਕਾਰਨ ਕਿਤੇ ਵੀ ਸਿੱਧਾ ਜਾਂ ਤਿਕੋਨਾ ਮੁਕਾਬਲਾ ਨਹੀਂ ਦਿਸਦਾ।
ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਚਾਰ ਹਲਕਿਆਂ ਵਿਚ ਪੰਜ ਕੋਨੇ ਅਤੇ ਬਾਕੀ ਨੌਂ ਹਲਕਿਆਂ ਵਿਚ ਚਾਰ ਕੋਨੇ ਮੁਕਾਬਲੇ ਇਸ ਵਾਰ ਸੂਬੇ ਵਿਚ ਲੋਕ ਸਭਾ ਚੋਣਾਂ ਵਿਚ ਨਵਾਂ ਇਤਿਹਾਸ ਬਣਾਉਣਗੇ। ਪਹਿਲਾਂ ਸ਼ਾਇਦ ਇਸ ਤਰ੍ਹਾਂ ਕਦੇ ਸਾਰੇ ਹਲਕਿਆਂ ਵਿਚ ਬਹੁਕੋਨੇ ਮੁਕਾਬਲੇ ਨਹੀਂ ਹੋਏ। ਇਸ ਵਾਰ ਕੋਈ ਵੀ ਗਠਜੋੜ ਨਾ ਹੋਣ ਕਾਰਨ ਚਾਰੇ ਪ੍ਰਮੁੱਖ ਪਾਰਟੀਆਂ ਇਕੱਲੇ ਇਕੱਲੇ ਹੀ ਇਸ ਵਾਰ ਚੋਣ ਲੜ ਰਹੀਆਂ ਹਨ।
ਇਸ ਵਾਰ ਵੋਟਾਂ ਦੀ ਕਈ ਥਾਈਂ ਬਹੁਕੋਨੇ ਮੁਕਾਬਲਿਆਂ ਵਿਚ ਵੰਡ ਹੋਣ ਨਾਲ ਨਤੀਜਿਆਂ ਦਾ ਅਨੁਮਾਨ ਪਹਿਲਾਂ ਲਾਉਣਾ ਵੀ ਆਸਾਨ ਨਹੀਂ ਅਤੇ ਜ਼ਿਆਦਾਤਰ ਸੀਟਾਂ ਉਪਰ ਥੋੜ੍ਹੇ ਥੋੜ੍ਹੇ ਅੰਤਰ ਨਾਲ ਅਣਕਿਆਸੇ ਨਤੀਜੇ ਹੀ ਆਉੁਣ ਦੇ ਆਸਾਰ ਹਨ।
ਜਿਥੋਂ ਤਕ ਮੁੱਖ ਪਾਰਟੀਆਂ ਵਲੋਂ ਮੈਦਾਨ ਵਿਚ ਉਤਾਰੇ ਗਏ 52 ਉਮੀਦਵਾਰਾਂ ਦਾ ਹਿਸਾਬ ਲਾੲਆ ਜਾਵੇ ਤਾਂ ਜਿਹੜੇ 4 ਹਲਕਿਆਂ ਅੰਦਰ ਪੰਜ ਕੋਨੇ ਮੁਕਾਬਲਿਆਂ ਦੀ ਸਥਿਤੀ ਹੈ, ਉਨ੍ਹਾਂ ਵਿਚ ਸੰਗਰੂਰ ਲੋਕ ਸਭਾ ਹਲਕੇ ਵਿਚ ‘ਆਪ’ ਦੇ ਮੀਤ ਹੇਅਰ, ਕਾਂਰਗਸ ਦੇ ਸੁਖਪਾਲ ਖਹਿਰਾ, ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਦੇ ਮੁਕਾਬਲੇ ਅਕਾਲੀ ਦਲ ਅੰਮ੍ਰਿਤਸਰ ਦੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਕਾਰਨ ਪੰਜ ਕੋਨਾ ਮੁਕਾਬਲਾ ਹੈ।
ਇਸੇ ਤਰ੍ਹਾਂ ਖਡੂਰ ਸਾਹਿਬ ਹਲਕੇ ਵਿਚ ‘ਆਪ’ ਦੇ ਲਾਲਜੀਤ ਸਿੰਘ ਭੁੱਲਰ, ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਅਤੇ ਭਾਜਪਾ ਦੇ ਮਨਜੀਤ ਸਿੰਘ ਮੰਨਾ ਦੇ ਮੁਕਾਬਲੇ ਡਿਬਰੂਗੜ੍ਹ ਜੇਲ ਵਿਚੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਵਲੋਂ ਆਜ਼ਾਦ ਖੜਨ ਨਾਲ ਮੁਕਾਬਲਾ ਪੰਜ ਕੋਨਾ ਬਣਿਆ ਹੈ। ਇਸੇ ਤਰ੍ਹਾਂ ਦੇ ਹੋਰ ਹਲਕਿਆਂ ਜਲੰਧਰ ਵਿਚ ਬਸਪਾ ਦੇ ਬਲਵਿੰਦਰ ਕੁਮਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਬਸਪਾ ਦੇ ਜਸਵੀਰ ਸਿੰਘ ਗੜ੍ਹੀ ਦੇ ਮੈਦਾਨ ’ਚ ਉਤਰਨ ਨਾਲ ਪੰਜ ਕੋਨੇ ਮੁਕਾਬਲੇ ਦੀ ਸਥਿਤੀ ਬਣੀ ਹੈ।
ਬਾਕੀ ਹਲਕਿਆਂ ਵਿਚ ਚਾਰ ਕੋਨੇ ਮੁਕਾਬਲੇ ਹੋਣਗੇ। ਜੇ ਵੱਖ ਵੱਖ ਪਾਰਟੀਆਂ ਦੇ 52 ਪ੍ਰਮੁੱਖ ਉਮੀਦਵਾਰਾਂ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਵਿਚੋਂ 17 ਬਦ ਬਦਲੂ ਹਨ। ਇਨ੍ਹਾਂ ਵਿਚ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਵਿਚ 6-6, ‘ਆਪ’ ਦੇ 3 ਅਤੇ ਅਕਾਲੀ ਦਲ ਵਿਚ 2 ਉਮੀਦਵਾਰ ਹਨ। ਵੱਖ ਵੱਖ ਪਾਰਟੀਆਂ ਨੇ 15 ਹਿੰਦੂ ਚੇਹਰਿਆਂ ਨੂੰ ਟਿਕਟ ਦਿਤੀ ਹੈ। ਇਨ੍ਹਾਂ ਵਿਚ ਭਾਜਪਾ ਵਲੋਂ 7, ਆਪ ਤੇ ਕਾਂਗਰਸ ਵਲੋਂ 3-3 ਅਤੇ ਅਕਾਲੀ ਦਲ ਵਲੋਂ ਹਿੰਦੂ ਚਿਹਰੇ ਮੈਦਾਨ ਵਿਚ ਉਤਾਰੇ ਗਏ ਹਨ। ਮੁੱਖ ਪਾਰਟੀਆਂ ਦੇ 52 ਉਮੀਦਵਾਰਾਂ ਵਿਚ 6 ਔਰਤਾਂ ਨੂੰ ਟਿਕਟ ਦਿਤੀ ਗਈ ਹੈ। ਇਨ੍ਹਾਂ ਵਿਚ ਭਾਜਪਾ ਨੇ 3, ਕਾਂਗਰਸ ਨੇ 2 ਅਤੇ ਅਕਾਲੀ ਦਲ ਨੇ 1ਔਰਤ ਉਮੀਦਵਾਰ ਨੂੰ ਟਿਕਟ ਦਿਤੀ ਹੈ।
ਜ਼ਿਕਰਯੋਗ ਹੈ ਕਿ ਮਾਝਾ ਖੇਤਰ ਵਿਚ ਕਿਸੇ ਵੀ ਮੁੱਖ ਪਾਰਟੀ ਨੇ ਇਕ ਵੀ ਔਰਤ ਨੂੰ ਟਿਕਟ ਨਹੀਂ ਦਿਤੀ। ਮੁੱਖ ਪਾਰਟੀਆਂ ਦੇ ਉਮੀਦਵਾਰਾਂ ਵਿਚ 11 ਮੌਜੂਦਾ ਵਿਧਾਇਕ ਉਮੀਦਵਾਰ ਹਨ ਜਿਨ੍ਹਾਂ ਵਿਚ ਪੰਜ ਮੰਤਰੀ ਸ਼ਾਮਲ ਹਨ। 6 ਮੌਜੂਦਾ ਸੰਸਦ ਮੈਂਬਰ, 5 ਸਾਬਕਾ ਸੰਸਦ ਮੈਂਬਰ, 7 ਸਾਬਕਾ ਮੰਤਰੀ ਅਤੇ 18 ਸਾਬਕਾ ਵਿਧਾਇਕ ਇਸ ਵਾਰ ਪੰਜਾਬ ਵਿਚ ਮੁੱਖ ਪਾਰਟੀਆਂ ਵਲੋਂ ਚੋਣ ਲੜ ਰਹੇ ਹਨ। ਇਕ ਸਾਬਕਾ ਮੁੱਖ ਮੰਤਰੀ ਅਤੇ ਇਕ ਮੌਜੂਦਾ ਅਤੇ ਇਕ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਵੀ ਚੋਣ ਲੜ ਰਹੇ ਹਨ।
ਉਮੀਦਵਾਰਾਂ ਬਾਰੇ ਇਕ ਸੰਖੇਪ ਝਲਕ
– 17 ਦਲ ਬਦਲੂ ਉਮੀਦਵਾਰ ਮੁੱਖ ਪਾਰਟੀਆਂ ਨੇ ਮੈਦਾਨ ਵਿਚ ਉਤਾਰੇ
– ਮੁੱਖ ਪਾਰਟੀਆਂ ਦੇ 52 ਉਮੀਦਵਾਰਾਂ ਵਿਚੋਂ ਸਿਰਫ਼ 6 ਔਰਤਾਂ
– ਮਾਝਾ ਖੇਤਰ ਵਿਚੋਂ ਇਕ ਵੀ ਔਰਤ ਉਮੀਦਵਾਰ ਨਹੀਂ
– ਪੰਜ ਮੰਤਰੀਆਂ ਸਮੇਤ 11 ਮੌਜੂਦਾ ਵਿਧਾਇਕ ਬਣੇ ਉਮੀਦਵਾਰ
– 18 ਸਾਬਕਾ ਵਿਧਾਇਕ ਤੇ 7 ਸਾਬਕਾ ਮੰਤਰੀ ਵੀ ਲੜ ਰਹੇ ਹਨ ਚੋਣ
– 6 ਮੌਜੂਦਾ ਅਤੇ 5 ਸਾਬਕਾ ਸੰਸਦ ਮੈਂਬਰ ਵੀ ਚੋਣ ਮੈਦਾਨ ਵਿਚ
– ਵੱਖ ਵੱਖ ਮੁੱਖ ਪਾਰਟੀਆਂ ਨੇ 16 ਹਿੰਦੂ ਚਿਹਰੇ ਮੈਦਾਨ ਵਿਚ ਲਿਆਂਦੇ