ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਤੇ ਮਾਨ 11 ਨੂੰ ਖਡੂਰ ਸਾਹਿਬ ’ਚ ਕਰਨਗੇ ਮਹਾਰੈਲੀ
ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਮਹਾਰੈਲੀ 11 ਫਰਵਰੀ ਨੂੰ ਖਡੂਰ ਸਾਹਿਬ ਦੇ ਪਿੰਡ ਸ਼ੇਰੋਂ ’ਚ ਹੋਵੇਗੀ। ਇਸ ’ਚ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਆਉਣਗੇ। ਇਸ ਮਹਾਰੈਲੀ ’ਚ ‘ਆਪ’ ਕੋਈ ਸਿਆਸੀ ਧਮਾਕਾ ਕਰਨ ਦੇ ਮੂਡ ’ਚ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ’ਚ ਕਾਂਗਰਸ ਦੇ ਕੁਝ ਆਗੂ ‘ਆਪ’ ਦਾ ਪੱਲਾ ਫੜ੍ਹ ਸਕਦੇ ਹਨ। ਇਨ੍ਹਾਂ ਆਗੂਆਂ ’ਚ ਕਿੰਨੇ ਵੱਡੇ ਚਿਹਰੇ ਹੋ ਸਕਦੇ ਹਨ, ਇਸ ਬਾਰੇ ਅਜੇ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਲੋਕ ਸਭਾ ਖੇਤਰ ਖਡੂਰ ਸਾਹਿਬ ਦੇ ‘ਆਪ’ ਇੰਚਾਰਜ ਬਲਜੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸੂਬੇ ਦੀਆਂ 13 ਸੀਟਾਂ ’ਤੇ ਚੋਣ ਲੜਨ ਲਈ ਪਾਰਟੀ ਪੂਰੀ ਤਰ੍ਹਾਂ ਜੋਸ਼ ’ਚ ਹੈ। ਖ਼ਾਸ ਗੱਲ ਇਹ ਹੈ ਕਿ 11 ਫਰਵਰੀ ਨੂੰ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਪੰਜਾਬ ਦੌਰੇ ’ਤੇ ਪੁੱਜ ਰਹੇ ਹਨ। ਉਹ ਲੁਧਿਆਣਾ ਦੇ ਸਮਰਾਲਾ ’ਚ ਪ੍ਰਦੇਸ਼ ਕਾਂਗਰਸ ਦੀ ਕਾਨਫਰੰਸ ’ਚ ਸ਼ਾਮਲ ਹੋਣਗੇ।