ਲਿਓਨਲ ਮੈਸੀ ਦੀ ਪਾਬੰਦੀ ਘਟਾਈ, ਅਜਾਸ਼ੀਓ ਖ਼ਿਲਾਫ਼ ਖੇਡਣਗੇ ਮੈਚ
ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਦੀ ਦੋ ਹਫ਼ਤੇ ਦੀ ਪਾਬੰਦੀ ਘੱਟ ਕਰ ਦਿੱਤੀ ਗਈ ਹੈ। ਉਹ ਸ਼ਨਿਚਰਵਾਰ ਨੂੰ ਅਜਾਸ਼ੀਓ ਖ਼ਿਲਾਫ਼ ਪੈਰਿਸ ਸੇਂਟ ਜਰਮੇਨ ਵੱਲੋਂ ਸ਼ੁਰੂਆਤੀ 11 ਵਿਚ ਸ਼ਾਮਲ ਹੋਣਗੇ।
ਕੋਚ ਕ੍ਰਿਸਟੋਫਰ ਗਾਲਟੀਅਰ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦਰਅਸਲ, ਵਿਸ਼ਵ ਕੱਪ ਜਿੱਤਣ ਵਾਲੇ ਫਾਰਵਰਡ ‘ਤੇ ਸ਼ੁਰੂ ਵਿਚ ਬਿਨਾਂ ਸੂਚਨਾ ਦੇ ਸਾਊਦੀ ਅਰਬ ਦੀ ਯਾਤਰਾ ਕਰਨ ‘ਤੇ ਦੋ ਹਫ਼ਤੇ ਦੀ ਪਾਬੰਦੀ ਲਾਈ ਗਈ ਸੀ ਜਿਸ ਕਾਰਨ ਉਹ ਸ਼ਨਿਚਰਵਾਰ ਦੇ ਲੀਗ ਵਨ ਮੈਚ ਵਿਚ ਨਹੀਂ ਖੇਡਣ ਵਾਲੇ ਸਨ ਪਰ ਉਕਤ ਸਜ਼ਾ ਤੋਂ ਬਾਅਦ ਮੈਸੀ ਨੇ ਮਾਫ਼ੀ ਮੰਗ ਲਈ ਹੈ। ਇਸ ਕਾਰਨ ਪੀਐੱਸਜੀ ਨੇ ਮੈਸੀ ਨੂੰ ਸੋਮਵਾਰ ਤੋਂ ਹੀ ਇਕੱਲੇ ਸਿਖਲਾਈ ‘ਤੇ ਮੁੜਨ ਦੀ ਇਜਾਜ਼ਤ ਦੇ ਦਿੱਤੀ ਸੀ।
ਪਾਰਸ ਡੇਸ ਪਿ੍ਰੰਸੇਸ ਸਟੇਡੀਅਮ ਵਿਚ ਸ਼ਨਿਚਰਵਾਰ ਨੂੰ ਮੈਸੀ ਖੇਡਣ ਲਈ ਤਿਆਰ ਹਨ। ਸ਼ੁੱਕਰਵਾਰ ਨੂੰ ਇਸ ਸਬੰਧ ਵਿਚ ਕੋਚ ਗਾਲਟੀਅਰ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਵੀਰਵਾਰ ਨੂੰ ਗੱਲ ਕੀਤੀ ਸੀ। ਉਹ ਪ੍ਰਰੇਰਿਤ ਤੇ ਵਚਨਬੱਧ ਹਨ ਤੇ ਉਹ ਇਕ ਹੋਰ ਟਰਾਫੀ ਜਿੱਤਣਾ ਚਾਹੁੰਦੇ ਹਨ। ਉਹ ਕੱਲ੍ਹ ਸ਼ੁਰੂਆਤੀ 11 ਵਿਚ ਸ਼ਾਮਲ ਹੋਣਗੇ। ਸੈਰ ਸਪਾਟਾ ਰਾਜਦੂਤ ਦੇ ਰੂਪ ਵਿਚ ਮੈਸੀ ਦੀ ਯਾਤਰਾ ਲਈ ਸ਼ੁਰੂਆਤ ਵਿਚ ਦਿੱਤੀ ਗਈ ਸਖ਼ਤ ਸਜ਼ਾ ਤੋਂ ਬਾਅਦ ਮਿਲੀ ਰਾਹਤ ਨਾਲ ਟੀਮ ਵਿਚ ਉਨ੍ਹਾਂ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ।
ਫਾਰਵਰਡ ਵੱਲੋਂ ਮੰਗੀ ਮਾਫ਼ੀ ਨੇ ਚਾਹੇ ਥੋੜ੍ਹੇ ਸਮੇਂ ਲਈ ਕੰਮ ਕਰ ਦਿੱਤਾ ਹੋਵੇ ਪਰ ਫਰਾਂਸੀਸੀ ਰਾਜਧਾਨੀ ਵਿਚ ਉਨ੍ਹਾਂ ਦੇ ਭਵਿੱਖ ‘ਤੇ ਗੰਭੀਰ ਸ਼ੱਕ ਅਜੇ ਵੀ ਬਣਿਆ ਹੋਇਆ ਹੈ। ਫੁੱਟਬਾਲ ਦਿੱਗਜ ਪ੍ਰਤੀ ਆਪਣੇ ਵਤੀਰੇ ਕਾਰਨ ਪੀਐੱਸਜੀ ਨੂੰ ਸਖ਼ਤ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗਰਮੀਆਂ ਵਿਚ ਕਰਾਰ ਦੀ ਸਮਾਪਤੀ ‘ਤੇ ਮੈਸੀ ਸਾਊਦੀ ਜਾਣ ‘ਤੇ ਵਿਚਾਰ ਕਰ ਰਹੇ ਹਨ।
ਬਾਰਸੀਲੋਨਾ ਨੂੰ ਉਨ੍ਹਾਂ ਦੀ ਮਾੜੀ ਵਿੱਤੀ ਸਥਿਤੀ ਦੇ ਬਾਵਜੂਦ ਬਦਲ ਦੇ ਰੂਪ ਵਿਚ ਮੰਨਿਆ ਜਾ ਰਿਹਾ ਹੈ ਜਦਕਿ ਐੱਮਐੱਲਐੱਸ ਵੀ ਇਕ ਬਦਲ ਦੇ ਰੂਪ ਵਿਚ ਉਪਲੱਬਧ ਹੈ।
ਹੁਣ ਅਰਜਨਟੀਨਾ ਦੇ ਦਿੱਗਜ ਖਿਡਾਰੀ ਆਪਣੇ ਭਵਿੱਖ ਦੀ ਚਰਚਾ ਨੂੰ ਨਜ਼ਰਅੰਦਾਜ਼ ਕਰਨ ਤੇ ਮੌਜੂਦਾ ਸੈਸ਼ਨ ਵਿਚ ਲੀਗ ਵਨ ਖ਼ਿਤਾਬ ਜਿੱਤਣ ‘ਤੇ ਧਿਆਨ ਕੇਂਦਰਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਕੋਚ ਗਾਲਟੀਅਰ ਦੀ ਅਗਵਾਈ ਵਿਚ ਪੀਐੱਸਜੀ ਦੀ ਟੀਮ ਨੂੰ ਆਪਣੇ ਅਗਲੇ ਚਾਰ ਮੈਚਾਂ ਵਿਚੋਂ ਦੋ ਵਿਚ ਜਿੱਤ ਦਰਜ ਕਰਨੀ ਪਵੇਗੀ।