ਰਾਜਪਾਲ ਨੂੰ ਮਿਲਣ ਜਾਣਗੇ ਅੱਜ 33 ਕਿਸਾਨ, ਧਰਨਾ ਹਟੇਗਾ ਜਾਂ ਵਧੇਗਾ ਅੱਜ ਹੀ ਹੋਵੇਗਾ ਤੈਅ
ਚੰਡੀਗੜ੍ਹ ਦੀ ਸਰਹੱਦ ‘ਤੇ ਬੈਠੇ ਕਿਸਾਨ ਅੱਜ ਰਾਜਪਾਲ ਨਾਲ ਮੁਲਾਕਾਤ ਕਰਨਗੇ। ਬੀਤੇ ਦਿਨ ਗਵਰਨਰ ਹਾਊਸ ਵੱਲੋਂ ਸਵੇਰੇ 11 ਵਜੇ ਮਿਲਣ ਦਾ ਸੱਦਾ ਆਇਆ ਸੀ। ਅਜਿਹੇ ‘ਚ ਕਿਸਾਨਾਂ ਨੇ ਚੰਡੀਗੜ੍ਹ ਕੂਚ ਦਾ ਫ਼ੈਸਲਾ ਫ਼ਿਲਹਾਲ ਟਾਲ ਦਿੱਤਾ ਹੈ। ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਕਿਸਾਨ ਰਾਜਪਾਲ ਨੂੰ ਮਿਲਣ ਦੇ ਲਈ ਮੋਰਚੇ ਤੋਂ ਰਵਾਨਾ ਹੋਣਗੇ।
ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ਼ ਚੱਲ ਰਹੇ ਪ੍ਰਦਰਸ਼ਨ ਵਿੱਚ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਰਾਜਪਾਲ ਨੂੰ ਮਿਲਣ ਦੇ ਲਈ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਚੁਣਿਆ ਜਾਵੇਗਾ ਜੋ ਗਵਰਨਰ ਹਾਊਸ ਨੂੰ ਜਾਵੇਗਾ।
ਸੋਮਵਾਰ ਸਵੇਰੇ ਕਿਸਾਨ ਆਗੂਆਂ ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਤੇ ਸਤਨਾਮ ਸਿੰਘ ਸਾਹਨੀ ਦੀ ਪ੍ਰਧਾਨਗੀ ‘ਚ ਮੁਹਾਲੀ ਦੇ ਇਕ ਹੋਟਲ ‘ਚ ਕਿਸਾਨਾਂ ਦੀ ਬੈਠਕ ਹੋਈ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਰਾਜ ਭਵਨ ਤੋਂ ਮੰਗਲਵਾਰ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ। ਕਿਸਾਨ ਯੂਨੀਅਨ ਦੇ ਕੁਝ ਮੈਂਬਰ ਰਾਜਪਾਲ ਨੂੰ ਮਿਲਣ ਜਾਣਗੇ ਅਤੇ ਕੇਂਦਰ ਸਰਕਾਰ ਤੱਕ ਆਪਣੀਆਂ ਮੰਗਾ ਪਹੁੰਚਾਉਣਗੇ।
ਦੂਜੇ ਪਾਸ ਕਿਸਾਨਾਂ ਦੇ ਧਰਨੇ ਦੀ ਰੂਪ ਰੇਖਾ ਵੀ ਤੈਅ ਹੋਵੇਗੀ। ਫਿਲਹਾਲ ਤਾਂ ਧਰਨਾ ਤਿੰਨ ਦਿਨ ਲਈ ਯਾਨੀ 26, 27 ਅਤੇ 28 ਨਵੰਬਰ ਲਈ ਸੁੱਦਿਆ ਹੋਇਆ ਹੈ ਪਰ ਪੰਜਾਬ ਸਰਕਾਰ ਕੋਲੋ ਰੱਖੀਆਂ ਮੰਗਾਂ ‘ਤੇ ਹਾਲੇ ਤੱਕ ਕਿਸਾਨਾਂ ਨੂੰ ਕੋਈ ਜਵਾਬ ਨਹੀਂ ਆਇਆ। ਇਸ ਲਈ ਕਿਸਾਨ ਅੱਜ ਸ਼ਾਮ ਤੱਕ ਪੰਜਾਬ ਸਰਕਾਰ ਦੇ ਜਵਾਬ ਦੀ ਉਡੀਕ ਕਰਨਗੇ ਅਤੇ ਸ਼ਾਮ ਨੂੰ ਮੀਟਿੰਗ ਕਰਕ ਦੱਸਣਗੇ ਕਿ ਧਰਨਾ ਅੱਗੇ ਵਧੇਗਾ ਜਾ ਨਹੀਂ।
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਦੇ ਕੁਝ ਅਧਿਕਾਰੀਆਂ ਨਾਲ ਵੀ ਬੈਠਕ ਹੋਈ ਹੈ ਤੇ ਉਹ ਸੂਬਾ ਸਰਕਾਰ ਦੇ ਸੰਪਰਕ ‘ਚ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਬੈਠਕ ਕਰਨਾ ਚਾਹੁੰਦੇ ਹਨ। ਹਾਲਾਂਕਿ ਹਾਲੇ ਇਸਦਾ ਕੋਈ ਸਮਾਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਹੀ ਫ਼ੈਸਲਾ ਕੀਤਾ ਜਾਵੇਗਾ ਕਿ ਧਰਨਾ ਖ਼ਤਮ ਹੋਵੇਗਾ ਜਾਂ ਚੱਲਦਾ ਰਹੇਗਾ।