ਰਾਂਚੀ ਟੈਸਟ ‘ਚ ਭਾਰਤ ਦੀ ਸ਼ਾਨਦਾਰ ਜਿੱਤ, ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ
ਰਾਂਚੀ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ਵਿੱਚ ਸ਼ੁਭਮਨ ਗਿੱਲ ਤੇ ਧਰੁਵ ਜੁਰੇਲ ਦੀ ਜੋੜੀ ਨੇ ਅਹਿਮ ਯੋਗਦਾਨ ਦਿੱਤਾ। ਦੋਹਾਂ ਨੇ ਮੁਸ਼ਕਿਲ ਵਿੱਚ ਫਸੀ ਟੀਮ ਇੰਡੀਆ ਨੂੰ ਜਿੱਤ ਦਿਵਾਈ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 120 ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਇਥੋਂ ਗਿੱਲ ਅਤੇ ਜੁਰੇਲ ਨੇ 72 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰ ਕੇ ਭਾਰਤ ਨੂੰ ਜਿੱਤ ਦਰਜ ਕਰਵਾਈ। ਦੂਜੀ ਪਾਰੀ ਵਿੱਚ ਗਿੱਲ ਨੇ ਨਾਬਾਦ 52 ਦੌੜਾਂ ਤੇ ਜੁਰੇਲ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ।
ਇਸ ਜਿੱਤ ਦੇ ਨਾਲ ਭਾਰਤ ਨੇ 3-1 ਨਾਲ ਬੜ੍ਹਤ ਬਣਾਉਂਦੇ ਹੋਏ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਰਾਂਚੀ ਟੈਸਟ ਵਿੱਚ ਇੱਕ ਨਹੀਂ ਬਲਕਿ ਦੋ ਵਾਰ ਅਜਿਹਾ ਮਹਿਸੂਸ ਹੋਇਆ ਕਿ ਮੁਕਾਬਲਾ ਭਾਰਤ ਦੇ ਹੱਥੋਂ ਨੈਕਲ ਗਿਆ ਜਾਵੇਗਾ। ਪਰ ਰੋਹਿਤ ਬ੍ਰਿਗੇਡ ਨੇ ਆਪਣੇ ਆਪਨ ਨੂੰ ਮੁਕਾਬਲੇ ਵਿੱਚ ਬਣਾਈ ਰੱਖਿਆ ਤੇ ਮੈਚ ਵਿੱਚ ਜਿੱਤ ਦਰਜ ਕੀਤੀ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਦੂਜੀ ਪਾਰੀ ਵਿੱਚ ਅਰਧ ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਧਰੁਵ ਜੁਰੇਲ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਗਿੱਲ ਤੇ ਜੁਰੇਲ ਵਿਚਾਲੇ ਨਾਬਾਦ 72 ਦੌੜਾਂ ਦੀ ਸਾਂਝੇਦਾਰੀ ਹੋਈ। ਇੰਗਲੈਂਡ ਵੱਲੋਂ ਸ਼ੋਇਬ ਬਸ਼ੀਰ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਟਾਮ ਹਾਰਟਲੇ ਤੇ ਜੋ ਰੂਟ ਨੂੰ 1-1 ਵਿਕਟ ਮਿਲੀ।
ਟੀਮ ਇੰਡੀਆ ਨੇ 40/0 ਦੇ ਸਕੋਰ ਤੋਂ ਚੌਥੇ ਦਿਨ ਆਪਣੀ ਦੂਜੀ ਪਾਰੀ ਅੱਗੇ ਵਧਾਈ। ਇਸ ਤੋਂ ਪਹਿਲਾਂ ਇੰਗਲਿਸ਼ ਟੀਮ ਤੀਜੇ ਦਿਨ ਦੇ ਤੀਜੇ ਸੈਸ਼ਨ ਵਿੱਚ ਦੂਜੀ ਪਾਰੀ ਵਿੱਚ 145 ਦੌੜਾਂ ‘ਤੇ ਆਲਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ ਦੇ 46 ਦੌੜਾਂ ਦੀ ਲੀਡ ਦੇ ਆਧਾਰ ‘ਤੇ ਭਾਰਤ ਨੂੰ 192 ਦੌੜਾਂ ਦਾ ਟੀਚਾ ਮਿਲਿਆ। ਇੰਗਲੈਂਡ ਟੀਮ ਪਹਿਲੀ ਪਾਰੀ ਵਿੱਚ 353 ਤੇ ਭਾਰਤੀ ਟੀਮ 307 ਦੌੜਾਂ ‘ਤੇ ਆਲਆਊਟ ਹੋਈ।
ਦੱਸ ਦੇਈਏ ਕਿ ਭਾਰਤ ਨੇ ਰਾਂਚੀ ਟੈਸਟ ਜਿੱਤ ਕੇ ਉਹ ਕਰ ਦਿਖਾਇਆ, ਜੋ ਪਿਛਲੇ 10 ਸਾਲਾਂ ਵਿੱਚ ਦੂਜੀ ਵਾਰ ਦੇਖਣ ਨੂੰ ਮਿਲਿਆ ਹੈ। ਇਹ ਦੂਜੀ ਵਾਰ ਹੈ ਜਦੋਂ ਭਾਰਤ ਨੇ ਟੈਸਟ ਕ੍ਰਿਕਟ ਵਿੱਚ 150 ਤੋਂ ਵੱਧ ਦੌੜਾਂ ਦਾ ਸਫਲ ਚੇਜ ਪਿਛਲੇ 10 ਸਾਲਾਂ ਵਿੱਚ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2021 ਵਿੱਚ ਉਸਨੇ ਅਜਿਹਾ ਆਸਟ੍ਰੇਲੀਆ ਦੇ ਖਿਲਾਫ਼ ਗਾਬਾ ਟੈਸਟ ਵਿੱਚ ਕੀਤਾ ਸੀ। ਭਾਰਤ ਨੇ ਰਾਂਚੀ ਵਿੱਚ ਇੰਗਲੈਂਡ ਨੂੰ ਹਰਾ ਕੇ ਘਰੇਲੂ ਮੈਦਾਨ ‘ਤੇ 17ਵੀਂ ਟੈਸਟ ਜਿੱਤ ਦਰਜ ਕੀਤੀ ਹੈ, ਜੋ ਕਿ ਉਸਨੇ 2013 ਤੋਂ 2014 ਦੇ ਵਿਚਾਲੇ ਦਰਜ ਕੀਤੀ ਹੈ।