ਯੋਗਰਾਜ ਸਿੰਘ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ ,ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਅਦਾਕਾਰ ਦੀ ਮੌਤ
ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਇਸ ਦੀ ਜਾਣਕਾਰੀ ਅਦਾਕਾਰ ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲਾ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਭਾਵੁਕ ਕੈਪਸ਼ਨ ‘ਚ ਲਿਖਿਆ ਹੈ, ”ਮੈਂ ਤੁਹਾਨੂੰ ਪਿਆਰ ਕਰਦੀ ਹਾਂ ਚਰਨਜੀਤ ਸੰਧੂ ਭਾਜੀ, ਮੈਂ ਤੁਹਾਡੀ ਮੁਸਕਰਾਹਟ ਨੂੰ ਨਹੀਂ ਭੁੱਲ ਸਕਦੀ। ਤੁਹਾਡੀ ਨਿਮਰ ਸ਼ਖਸੀਅਤ, ‘ਬਰਨਿੰਗ ਪੰਜਾਬ’ ਫ਼ਿਲਮ ‘ਚ ਤੁਹਾਡੀ ਅਦਾਕਾਰੀ ਇੰਨੀ ਪ੍ਰਤਿਭਾਸ਼ਾਲੀ ਅਤੇ ਸ਼ਾਨਦਾਰ ਪ੍ਰਦਰਸ਼ਨ ਤੁਹਾਨੂੰ ਪ੍ਰਦਾਨ ਕਰਦੀ ਹੈ। ਮੈਂ ਇਸ ਖ਼ਬਰ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੀ। ਇਹ ਸੱਚ ਨਹੀਂ ਹੋ ਸਕਦਾ। ਭਾਜੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਸੀਂ ਹਮੇਸ਼ਾ ਲਈ ਯਾਦ ਕਰਾਂਗੇ।’
ਚਰਨਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ਅਤੇ ਕਾਮੇਡੀ ਸ਼ਾਰਟ ਫ਼ਿਲਮਾਂ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਬਰਨਿੰਗ ਪੰਜਾਬ’ ਨਾਂ ਦੀ ਫ਼ਿਲਮ ਵੀ ਕੀਤੀ ਸੀ। ਇਸ ਤੋਂ ਇਲਾਵਾ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਹੀ ਕਾਮੇਡੀ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਰਹੇ ਸਨ।
ਦੱਸਣਯੋਗ ਹੈ ਕਿ ਚਰਨਜੀਤ ਸੰਧੂ ਨੇ ‘ਬਦਲਾ ਜੱਟੀ ਦਾ’, ‘ਕਠਪੁੱਤਲੀ’, ‘ਕੀ ਬਣੂੰ ਦੁਨੀਆ ਦਾ’, ‘ਤੂਫਾਨ ਸਿੰਘ’, ‘ਅੰਗਰੇਜ’ ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।