ਯੂਪੀਆਈ ਨਾਲ ਮਹਿੰਗਾ ਸਾਮਾਨ ਵੀ ਖ਼ਰੀਦ ਰਹੇ ਨੇ ਭਾਰਤੀ, ਅਪ੍ਰੈਲ ’ਚ 1330 ਕਰੋੜ ਤੱਕ ਪੁੱਜਾ ਯੂਪੀਆਈ ਲੈਣ ਦੇਣ ਦਾ ਅੰਕੜਾ
ਭਾਰਤੀਆਂ ਦੀ ਡਿਜੀਟਲ ਲੈਣਦੇਣ ਦਾ ਸਫਰ ਪੂਰੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਇਸ ਵਿਚ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਦਾ ਅਹਿਮ ਯੋਗਦਾਨ ਹੈ। ਯੂਪੀਆਈ ਸੇਵਾ ਨਾਲ ਭਾਰਤੀ ਆਪਣੀਆਂ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਤੋਂ ਇਲਾਵਾ ਮਹਿੰਗੇ ਹੋਮ ਅਪਲਾਇੰਸਿਸ, ਗੈਜੇਟਸ ਤੇ ਡਿਜ਼ਾਈਨਰ ਕੱਪੜਿਆਂ ਲਈ ਵੀ ਭੁਗਤਾਨ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਯੂਪੀਆਈ ਭੁਗਤਾਨ ਦੀ ਸਹੂਲਤ ਦਾ ਇਕ ਨਕਾਰਾਤਮਕ ਨਤੀਜਾ ਵੀ ਸਾਹਮਣੇ ਆਇਆ ਹੈ। ਲੋਕ ਅਜਿਹੀਆਂ ਚੀਜ਼ਾਂ ਦੀ ਖਰੀਦਦਾਰੀ ਵੀ ਕਰ ਰਹੇ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ’ਚ ਕੋਈ ਲੋੜ ਨਹੀਂ ਹੁੰਦੀ।
ਆਈਆਈਟੀ ਦਿੱਲੀ ਦੇ ਇਕ ਤਾਜ਼ਾ ਸਰਵੇ ਅਨੁਸਾਰ, ਯੂਪੀਆਈ ਤੇ ਡਿਜੀਟਲ ਪੇਮੈਂਟ ਦੇ ਦੂਜੇ ਤਰੀਕਿਆਂ ਦੀ ਵਜ੍ਹਾ ਕਾਰਨ ਦੇਸ਼ ਦੇ ਕਰੀਬ 74 ਫੀਸਦੀ ਲੋਕ ਵੱਧ ਖਰਚੇ ਕਰ ਰਹੇ ਹਨ। ਮਾਰਕੀਟ ਇੰਟੈਲੀਜੈਂਸ ਫਰਮ ਸੀਐੱਮਆਰ ’ਚ ਇੰਡਸਟਰੀ ਇੰਟੈਲੀਜੈਂਸ ਸਮੂਹ ਦੇ ਮੁਖੀ ਪ੍ਰਭੂ ਰਾਮ ਦਾ ਕਹਿਣਾ ਹੈ ਕਿ ਨਕਦੀ ਦੇ ਮੁਕਾਬਲੇ ਯੂਪੀਆਈ ਰਾਹੀਂ ਡਿਜੀਟਲ ਲੈਣਦੇਣ ਕਾਫੀ ਆਸਾਨ ਤੇ ਸਹੂਲਤ ਵਾਲਾ ਹੈ। ਇਸ ਕਾਰਨ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਘੱਟ ਹੁੰਦਾ ਹੈ ਕਿ ਉਹ ਕਿੰਨਾ ਪੈਸਾ ਖਰਚ ਕਰ ਰਹੇ ਹਨ, ਜਦਕਿ ਨਕਦੀ ਖਰਚ ਕਰਦੇ ਸਮੇਂ ਉਹ ਜ਼ਿਆਦਾ ਚੌਕਸ ਰਹਿੰਦੇ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਪ੍ਰੈਲ ’ਚ ਯੂਪੀਆਈ ਲੈਣਦੇਣ ਦੀ ਗਿਣਤੀ 1330 ਕਰੋੜ ਰਹੀ ਹੈ। ਸਾਲਾਨਾ ਆਧਾਰ ’ਤੇ ਇਸ ਵਿਚ 50 ਫੀਸਦੀ ਦਾ ਵਾਧਾ ਰਿਹਾ ਹੈ। ਪਿਛਲੇ ਸਾਲ ਯੂਪੀਆਈ ਲੈਣਦੇਣ ਦੀ ਗਿਣਤੀ 11786 ਕਰੋੜ ਰਹੀ ਸੀ ਤੇ ਇਸ ਵਿਚ 60 ਫੀਸਦੀ ਦਾ ਵਾਧਾ ਰਿਹਾ ਸੀ।
ਮੋਬਾਈਲ ਲੈਣਦੇਣ ਦਾ ਵੱਡੇ ਪੱਧਰ ’ਤੇ ਵਿਸਥਾਰ
ਵਰਲਡ ਇੰਡੀਆ ਦੇ ਸੀਈਓ ਰਮੇਸ਼ ਨਰਸਿਮਹਨ ਦਾ ਕਹਿਣਾ ਹੈ ਕਿ ਮੋਬਾਈਲ ਲੈਣਦੇ ਦਾ ਵੱਡੇ ਪੱਧਰ ’ਤੇ ਵਿਸਥਾਰ ਹੋਇਆ ਹੈ। ਇਸ ਕਾਰਨ ਡਿਜੀਟਲ ਲੈਣਦੇਣ ’ਚ ਯੂਪੀਆਈ ਨਾ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਹੈ। ਇਹ ਰੁਝਾਨ ਦੱਸਦਾ ਹੈ ਕਿ ਭੁਗਤਾਨ ਦੇ ਸਮਾਰਟਫੋਨ ਆਧਾਰਿਤ ਤਰੀਕਿਆਂ ’ਚ ਯੂਜ਼ਰਸ ਦਾ ਭਰੋਸਾ ਵੱਧ ਰਿਹਾ ਹੈ ਤੇ ਉਹ ਇਨ੍ਹਾਂ ਦੀ ਵਰਤੋਂ ਆਸਾਨੀ ਨਾਲ ਕਰ ਰਹੇ ਹਨ। ਮਾਹਿਰਾਂ ਦੇ ਅਨੁਸਾਰ ਭਾਰਤ ’ਚ ਖਪਤਕਾਰ ਖਰਚ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਲੋਕ ਕਾਰ, ਸਮਾਰਟਫੋਨ, ਟੀਵੀ ਤੇ ਦੂਜੀਆਂ ਵਸਤਾਂ ’ਤੇ ਖੁੱਲ੍ਹ ਕੇ ਖਰਚਾ ਕਰ ਰਹੇ ਹਨ। ਇਸ ਨਾਲ ਦੇਸ਼ ਦੀ ਆਰਥਿਕ ਤਰੱਕੀ ਨੂੰ ਵੀ ਮਜ਼ਬੂਤੀ ਮਿਲ ਰਹੀ ਹੈ। ਹਾਲਾਂਕਿ ਯੂਪੀਆਈ ਕਾਰਨ ਲੋਕ ਕੁਝ ਅਜਿਹੀਆਂ ਚੀਜ਼ਾਂ ਦੀ ਖਰੀਦਦਾਰੀ ਵੀ ਕਰ ਰਹੇ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ’ਚ ਲੋੜ ਨਹੀਂ ਹੈ।