ਮਿਆਂਮਾਰ ‘ਚ ਤਣਾਅ ਵਿਚਕਾਰ 5000 ਤੋਂ ਵੱਧ ਲੋਕ ਭਾਰਤੀ ਸਰਹੱਦ ‘ਚ ਹੋਏ ਦਾਖਲ, 39 ਫੌਜੀ ਵੀ ਸ਼ਾਮਲ
ਮਿਆਂਮਾਰ ਦੇ ਚਿਨ ਸੂਬੇ ‘ਚ ਹੋਏ ਹਵਾਈ ਹਮਲੇ ਅਤੇ ਗੋਲੀਬਾਰੀ ਕਾਰਨ ਸਰਹੱਦੀ ਇਲਾਕਿਆਂ ‘ਚ ਤਣਾਅ ਕਾਫੀ ਵੱਧ ਗਿਆ ਹੈ। ਆਮ ਲੋਕ ਡਰ ਦੇ ਮਾਰੇ ਭਾਰਤ ਵਿੱਚ ਦਾਖਲ ਹੋ ਰਹੇ ਹਨ। ਮਿਜ਼ੋਰਮ ਦੇ ਪੁਲਿਸ ਅਧਿਕਾਰੀ ਅਨੁਸਾਰ 24 ਘੰਟਿਆਂ ਦੇ ਅੰਦਰ 5000 ਤੋਂ ਵੱਧ ਲੋਕ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਏ ਹਨ। ਇਨ੍ਹਾਂ ਵਿਚ 39 ਫੌਜੀ ਵੀ ਸ਼ਾਮਲ ਹਨ।
ਨਿਊਜ਼ ਏਜੰਸੀ ਏਐਨਆਈ ਨੇ ਆਈਜੀਪੀ lalbiakthanga Khiangte ਦੇ ਹਵਾਲੇ ਨਾਲ ਕਿਹਾ ਕਿ ਐਤਵਾਰ (12 ਨਵੰਬਰ) ਦੀ ਸ਼ਾਮ ਨੂੰ ਮਿਆਂਮਾਰ ਦੀ ਪੀਡੀਐਫ ਨੇ ਮਿਆਂਮਾਰ ਆਰਮੀ ਪੋਸਟ ‘ਤੇ ਹਮਲਾ ਕੀਤਾ। ਬੀਤੇ ਦਿਨੀਂ (ਸੋਮਵਾਰ, 13 ਨਵੰਬਰ) PDF ਨੇ ਮਿਆਂਮਾਰ ਦੀਆਂ ਦੋ ਪੋਸਟਾਂ ਹਾਸਲ ਕੀਤੀਆਂ। ਨਤੀਜਾ ਇਹ ਹੋਇਆ ਕਿ ਮਿਆਂਮਾਰ ਦੇ ਫੌਜੀ ਜਵਾਨਾਂ ਨੇ ਮਿਜ਼ੋਰਮ ਵਿੱਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ‘ਚੋਂ 39 ਲੋਕਾਂ ਨੇ ਮਿਜ਼ੋਰਮ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।
ਆਈਜੀਪੀ ਨੇ ਅੱਗੇ ਕਿਹਾ, “5,000 ਤੋਂ ਵੱਧ ਲੋਕਾਂ ਨੇ ਸਰਹੱਦ ਦੇ ਨੇੜੇ ਦੋ ਪਿੰਡਾਂ ਵਿੱਚ ਸ਼ਰਨ ਲਈ ਅਤੇ ਸਾਡੇ ਲਗਭਗ 20 ਨਾਗਰਿਕ ਜ਼ਖਮੀ ਵੀ ਹੋਏ। ਇਨ੍ਹਾਂ ਵਿੱਚੋਂ ਅੱਠ ਨੂੰ ਬਿਹਤਰ ਇਲਾਜ ਲਈ ਆਈਜ਼ੌਲ ਲਿਆਂਦਾ ਗਿਆ ਹੈ। ਬੀਤੀ ਸ਼ਾਮ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਹੁਣ ਬਹੁਤ ਸ਼ਾਂਤੀ ਹੈ, ਪਰ ਸਾਨੂੰ ਨਹੀਂ ਪਤਾ ਕਿ ਮਿਆਂਮਾਰ ਦੀ ਫੌਜ ਹਵਾਈ ਹਮਲੇ ਕਰੇਗੀ ਜਾਂ ਨਹੀਂ। “ਅਸੀਂ ਫਿਲਹਾਲ ਹਵਾਈ ਹਮਲਿਆਂ ਤੋਂ ਇਨਕਾਰ ਨਹੀਂ ਕਰ ਸਕਦੇ।”
ਮਿਜ਼ੋਰਮ ਦੇ ਚਮਫਾਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਡੀਸੀ) ਜੇਮਸ ਲਾਲਰਿਛਨਾ ਨੇ ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ ਕਿ ਮਿਆਂਮਾਰ ਵਿੱਚ ਸੱਤਾਧਾਰੀ ਜੰਟਾ ਦੁਆਰਾ ਸਮਰਥਿਤ ਸੁਰੱਖਿਆ ਬਲਾਂ ਅਤੇ ਮਿਲੀਸ਼ੀਆ ਸਮੂਹ ‘ਪੀਪਲਜ਼ ਡਿਫੈਂਸ ਫੋਰਸ’ ਵਿਚਕਾਰ ਐਤਵਾਰ ਸ਼ਾਮ ਨੂੰ ਭਿਆਨਕ ਗੋਲੀਬਾਰੀ ਹੋਈ। ਚਮਫਾਈ ਜ਼ਿਲ੍ਹੇ ਦੀ ਸਰਹੱਦ ਗੁਆਂਢੀ ਦੇਸ਼ ਦੇ ਚਿਨ ਸੂਬੇ ਨਾਲ ਮਿਲਦੀ ਹੈ।
ਉਨ੍ਹਾਂ ਨੇ ਕਿਹਾ ਕਿ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਪੀਡੀਐਫ ਨੇ ਭਾਰਤੀ ਸਰਹੱਦ ਦੇ ਨੇੜੇ ਚਿਨ ਸੂਬੇ ਵਿੱਚ ਖਾਵਮਾਵੀ ਅਤੇ ਰਿਹਖਾਵਦਾਰ ਵਿੱਚ ਦੋ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ।