ਮਾਸਕੋ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਅਜੇ ਵੀ ਲੱਭ ਰਹੇ ਹਨ ਆਪਣੇ ਅਜ਼ੀਜ਼ਾਂ ਨੂੰ, ਰਾਸ਼ਟਰਪਤੀ ਪੁਤਿਨ ਨੇ ਪੀੜਤਾਂ ਲਈ ਚਰਚ ‘ਚ ਜਗਾਈਆਂ ਮੋਮਬੱਤੀਆਂ
ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਸੰਗੀਤ ਸਮਾਰੋਹ ਹਾਲ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਲਾਪਤਾ ਲੋਕਾਂ ਦੇ ਪਰਿਵਾਰ ਅਤੇ ਦੋਸਤ ਅਜੇ ਵੀ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ। ਉਹ ਇਸ ਆਸ ਵਿੱਚ ਭਟਕ ਰਹੇ ਹਨ ਕਿ ਕੀ ਉਨ੍ਹਾਂ ਦੇ ਰਿਸ਼ਤੇਦਾਰ ਅਜੇ ਵੀ ਜਿਉਂਦੇ ਹਨ ਜਾਂ ਨਹੀਂ? ਇਸ ਅੱਤਵਾਦੀ ਹਮਲੇ ‘ਚ 143 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। 100 ਤੋਂ ਵੱਧ ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀੜਤਾਂ ਲਈ ਜਗਾਈਆਂ ਮੋਮਬੱਤੀਆਂ
ਇਸ ਦੌਰਾਨ ਹਮਲੇ ਦੇ ਸ਼ੱਕੀਆਂ ਨੂੰ ਐਤਵਾਰ ਨੂੰ ਮਾਸਕੋ ਸਥਿਤ ਜਾਂਚ ਕਮੇਟੀ ਦੇ ਮੁੱਖ ਦਫਤਰ ਲਿਆਂਦਾ ਗਿਆ। ਮਾਸਕੋ ਦੀ ਅਦਾਲਤ ਨੇ ਦੋ ਸ਼ੱਕੀਆਂ ‘ਤੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਇੱਕ ਚਰਚ ਵਿੱਚ ਮੋਮਬੱਤੀ ਜਗਾਈ।
ਰੂਸੀ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤਾ ਵੀਡੀਓ
ਰੂਸੀ ਵਿਦੇਸ਼ ਮੰਤਰਾਲੇ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਪੁਤਿਨ ਨੂੰ ਮੋਮਬੱਤੀ ਜਗਾਉਂਦੇ ਹੋਏ ਦਿਖਾਇਆ ਗਿਆ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਪਰੰਪਰਾ ਅਨੁਸਾਰ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਾਰੇ ਲੋਕਾਂ ਦੀ ਯਾਦ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਤਿਨ ਨੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ।
ਆਈਐੱਸ ਨੇ ਹਮਲੇ ਦੀ ਲਈ ਜ਼ਿੰਮੇਵਾਰੀ
ਅੱਤਵਾਦੀ ਸੰਗਠਨ ਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਰੂਸ ਵਿਚ ਐਤਵਾਰ ਨੂੰ ਰਾਸ਼ਟਰੀ ਸੋਗ ਮਨਾਇਆ ਗਿਆ। ਸਟੇਟ ਨਿਊਜ਼ ਏਜੰਸੀ ਆਰਆਈਏ ਨੋਵੋਸਤੀ ਨੇ ਰਿਪੋਰਟ ਦਿੱਤੀ ਕਿ ਸੱਭਿਆਚਾਰਕ ਸੰਸਥਾਵਾਂ ਦੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਝੰਡੇ ਅੱਧੇ ਝੁਕੇ ਹੋਏ ਸਨ ਅਤੇ ਮਨੋਰੰਜਨ ਅਤੇ ਟੈਲੀਵਿਜ਼ਨ ‘ਤੇ ਇਸ਼ਤਿਹਾਰਬਾਜ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਘਟਨਾ ਵਾਲੀ ਥਾਂ ਨੇੜੇ ਬਣੀ ਅਸਥਾਈ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ।
ਪੁਸ਼ਪਾਜਲੀ ਦੇਣ ਆਏ ਆਂਦਰੇ ਕੋਂਡਾਕੋਵ ਨੇ ਕਿਹਾ ਕਿ ਲੋਕ ਸੰਗੀਤ ਸਮਾਰੋਹ ਵਿੱਚ ਆਏ ਸਨ। ਕੁਝ ਲੋਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਆਏ ਸਨ। ਸਾਡੇ ਵਿੱਚੋਂ ਕੋਈ ਵੀ ਅਜਿਹੀ ਸਥਿਤੀ ਵਿੱਚ ਹੋ ਸਕਦਾ ਸੀ। ਮੈਂ ਇੱਥੇ ਸਾਰੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਹਾਂ।
ਸਮਾਰਕ ‘ਤੇ ਪਹੁੰਚੀ ਮਰੀਨਾ ਕੋਰਸ਼ੂਨੋਵਾ ਨੇ ਕਿਹਾ, ਇਹ ਇਕ ਤ੍ਰਾਸਦੀ ਹੈ, ਜਿਸ ਨੇ ਸਾਡੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਇਹ ਗੱਲ ਸਮਝ ਨਹੀਂ ਆਉਂਦੀ ਕਿ ਇਸ ਘਟਨਾ ਨਾਲ ਛੋਟੇ ਬੱਚੇ ਵੀ ਪ੍ਰਭਾਵਿਤ ਹੋਏ ਹਨ। ਜਾਂਚ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਜਾਰੀ ਹੈ। ਹੁਣ ਤੱਕ 62 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅੱਤਵਾਦੀ ਹਮਲੇ ਵਾਲੇ ਦਿਨ ਕੰਸਰਟ ਕੰਪਲੈਕਸ ‘ਚ ਮੌਜੂਦ ਲੋਕਾਂ ਨੂੰ ਨਿੱਜੀ ਸਮਾਨ, ਦਸਤਾਵੇਜ਼ ਅਤੇ ਕਾਰਾਂ ਸੌਂਪਣ ਦਾ ਕੰਮ ਸ਼ੁਰੂ ਹੋ ਗਿਆ ਹੈ।