ਮਾਨ ਸਰਕਾਰ ਵੱਲੋਂ ਨਵੇਂ ਸਾਲ ‘ਤੇ ਵੱਡਾ ਤੋਹਫ਼ਾ, ਹੁਣ ਸ਼ਰਧਾਲੂ ਹਵਾਈ ਜਹਾਜ਼ ਰਾਹੀਂ ਕਰਨਗੇ ਤੀਰਥ ਯਾਤਰਾ

ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਨਵੇਂ ਸਾਲ ‘ਤੇ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ ਰਾਹੀਂ ਤੀਰਥ ਯਾਤਰਾ ‘ਤੇ ਜਾਣ ਲਈ ਤਿਆਰ ਕਰੇਗੀ। ਇਸ ਦੇ ਲਈ ਸਰਕਾਰ ਨੇ ਚਾਰਟਰਡ ਫਲਾਈਟਾਂ ਬੁੱਕ ਕੀਤੀਆਂ ਹਨ। ਇਹ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਾਅਦ ਦੁਪਹਿਰ 3 ਵਜੇ ਪੰਜਾਬ ਭਵਨ ਵਿਖੇ ਹੋਣ ਵਾਲੀ ਪ੍ਰੈਸ ਕਾਨਫਰੰਸ ਦੌਰਾਨ ਕਰ ਸਕਦੇ ਹਨ। ਕਿਉਂਕਿ ਸੀਐਮ ਨੇ ਸਵੇਰੇ ਹੀ ਮੀਡੀਆ ਨੂੰ ਪ੍ਰੈਸ ਕਾਨਫਰੰਸ ਲਈ ਸੱਦਾ ਦਿੱਤਾ ਹੈ।

ਪੰਜਾਬ ਸਰਕਾਰ ਵੱਲੋਂ 27 ਨਵੰਬਰ 2023 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਸਿਰਫ਼ ਇੱਕ ਰੇਲਗੱਡੀ ਹੀ ਸ਼ਰਧਾਲੂਆਂ ਨੂੰ ਲਿਜਾ ਸਕੀ ਹੈ। ਪਹਿਲਾ ਜਥਾ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਇਆ। ਰੇਲਵੇ ਨੂੰ ਦਰਪੇਸ਼ ਮੁਸ਼ਕਲਾਂ ਕਾਰਨ 6 ਦਸੰਬਰ ਨੂੰ ਜਲੰਧਰ ਤੋਂ ਵਾਰਾਣਸੀ ਜਾਣ ਵਾਲੀ ਰੇਲਗੱਡੀ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਜੱਥਾ 15 ਦਸੰਬਰ ਨੂੰ ਮਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਣਾ ਸੀ ਪਰ ਰੇਲਵੇ ਨੇ ਅਸਮਰੱਥਾ ਪ੍ਰਗਟਾਈ ਹੈ। ਹਾਲਾਂਕਿ, ਰਾਜ ਸਰਕਾਰ ਨੇ 15 ਦਸੰਬਰ ਦੀ ਰੇਲਗੱਡੀ ਲਈ ਰੇਲਵੇ ਕੋਲ 1.34 ਕਰੋੜ ਰੁਪਏ ਜਮ੍ਹਾਂ ਕਰਾਏ ਹਨ।

ਪੰਜਾਬ ਸਰਕਾਰ ਦੀ ਤਰਫੋਂ ਲੋਕਾਂ ਨੂੰ ਇਹ ਸਫਰ ਏ.ਸੀ. ਗੱਡੀਆਂ ‘ਚ ਕਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਰੇਲਵੇ ਦਾ ਤਰਕ ਹੈ ਕਿ ਉਨ੍ਹਾਂ ਕੋਲ ਜਨਰੇਟਰ ਕਾਰਾਂ ਦੀ ਘਾਟ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਤਰਕ ਹੈ ਕਿ ਸਫ਼ਰ ਲਈ ਰੇਲਵੇ ਨਾਲ ਐਮ.ਓ.ਯੂ. ਸਾਈਨ ਕੀਤਾ ਗਿਆ ਹੈ, ਜਦਕਿ ਸਫ਼ਰ ਨਾਲ ਸਬੰਧਤ ਰਕਮ ਵੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਇਸ ਤਰ੍ਹਾਂ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਹਾਲਾਂਕਿ ਸਰਕਾਰ ਨੇ ਤੀਰਥ ਯਾਤਰਾ ਨੂੰ ਲੈ ਕੇ ਯੋਜਨਾਵਾਂ ਬਣਾਈਆਂ ਹਨ। ਕੋਸ਼ਿਸ਼ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਕਿਸੇ ਵੀ ਕੀਮਤ ‘ਤੇ ਪੂਰਾ ਕਰ ਲਿਆ ਜਾਵੇ।

ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਚਾਲੂ ਵਿੱਤੀ ਸਾਲ ਵਿੱਚ ਧਾਰਮਿਕ ਸਥਾਨਾਂ ਲਈ 13 ਰੇਲ ਗੱਡੀਆਂ ਭੇਜਣ ਦੀ ਯੋਜਨਾ ਹੈ। ਯੋਜਨਾ ਅਨੁਸਾਰ ਹਰ ਹਫ਼ਤੇ ਇੱਕ ਰੇਲਗੱਡੀ ਸ਼ਰਧਾਲੂਆਂ ਨੂੰ ਲੈ ਕੇ ਜਾਣੀ ਸੀ। ਹਰੇਕ ਰੇਲਗੱਡੀ ਵਿੱਚ ਇੱਕ ਹਜ਼ਾਰ ਸ਼ਰਧਾਲੂ ਸ਼ਾਮਲ ਕੀਤੇ ਜਾਣੇ ਸਨ। ਪੰਜਾਬ ਸਰਕਾਰ ਨੇ ਇਸ ਕੰਮ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨਾਲ ਐਮ.ਓ.ਯੂ. ਸਾਈਨ ਕੀਤਾ ਹੋਇਆ ਹੈ।

ਇਸ ਦੇ ਨਾਲ ਹੀ ਪੰਜਾਬ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਬੱਸ ਰਾਹੀਂ ਕੀਤੀ ਜਾਂਦੀ ਹੈ। ਯਾਤਰਾ ਦੀ ਰੂਪ ਰੇਖਾ ਤਿਆਰ ਕਰਨ ਲਈ ਮੰਤਰੀ ਮੰਡਲ ਵੱਲੋਂ ਇੱਕ ਸਬ-ਕਮੇਟੀ ਬਣਾਈ ਗਈ ਹੈ। ਇਸ ਵਿੱਚ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਅਮਨ ਅਰੋੜਾ ਸ਼ਾਮਲ ਹਨ।

Leave a Reply

Your email address will not be published. Required fields are marked *