ਮਾਨ ਸਰਕਾਰ ਨੇ ਵਧਾਇਆ ਮਾਂ ਬੋਲੀ ਪੰਜਾਬੀ ਦਾ ਮਾਣ! ਹੁਣ ਨਿੱਜੀ ਸਕੂਲਾਂ ‘ਚ ਵੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਹੋਵੇਗੀ ਪੰਜਾਬੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਲਈ ਸਿੱਖਿਆ ਵਿਭਾਗ ਸਖ਼ਤ ਹੋ ਗਿਆ ਹੈ। ਅਸਲ ’ਚ ਇਹ ਹੁਕਮ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਬਾ ਪੱਧਰੀ ਹੁਕਮਾਂ ਦੀ ਲੋਅ ’ਚ ਜਾਰੀ ਹੋਏ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਸਕੂਲਾਂ ਵਿਚ ਜਾ ਕੇ ਇਹ ਪਤਾ ਕਰਨਗੀਆਂ ਕਿ ਪੰਜਾਬੀ ਕਿੱਥੇ ਪੜ੍ਹਾਈ ਜਾ ਰਹੀ ਹੈ ਕਿੱਥੇ ਨਹੀਂ।
ਜਾਂਚ ਦੇ ਪਹਿਲੇ ਪੜਾਅ ’ਚ 107 ਸਕੂਲਾਂ ਦੀ ਸੂਚੀ ਜਾਰੀ ਹੋਈ ਹੈ। ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਹੈੱਡਮਾਸਟਰ ਤੇ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਦਰਸ਼ਨਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਅਧਿਕਾਰੀ ਇਕ ਹਫ਼ਤੇ ਦੇ ਅੰਦਰ ਟਿੱਪਣੀਆਂ ਸਮੇਤ ਰਿਪੋਰਟ ਪੇਸ਼ ਕਰਨਗੇ।