ਮਥੁਰਾ-ਵਰਿੰਦਾਵਨ ਤੋਂ ਵਾਪਸੀ ਵੇਲੇ ਪੰਜਾਬੀਆਂ ਦੀ ਮਿੰਨੀ ਬੱਸ ਹੋਈ ਦਰਦਨਾਕ ਹਾਦਸੇ ਦਾ ਸ਼ਿਕਾਰ, 2 ਔਰਤਾਂ ਦੀ ਮੌਤ; ਕਈ ਲੋਕ ਜ਼ਖ਼ਮੀ
ਸੰਘਣੀ ਧੁੰਦ ‘ਚ ਐਕਸਪ੍ਰੈਸ ਵੇਅ ‘ਤੇ ਬਾਰਾਗਾਂਵ ਨੇੜੇ ਇਕ ਮਿੰਨੀ ਬੱਸ (ਟਰੈਵਲਰ) ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਪੰਜਾਬ ਦੀਆਂ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦਕਿ 10 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ। ਮਿੰਨੀ ਬੱਸ ਸਵਾਰ ਮਥੁਰਾ ਤੋਂ ਪੰਜਾਬ ਪਰਤ ਰਹੇ ਸਨ।
ਧੁੰਦ ‘ਚ ਐਕਸਪ੍ਰੈੱਸ ਵੇਅ ‘ਤੇ ਇਕ ਵਾਰ ਫਿਰ ਦਰਦਨਾਕ ਹਾਦਸਾ ਹੋ ਗਿਆ। ਮੰਗਲਵਾਰ ਰਾਤ ਕਰੀਬ 2.30 ਵਜੇ ਬਾਰਾਗਾਂਵ ਨੇੜੇ ਐਕਸਪ੍ਰੈੱਸ ਵੇਅ ‘ਤੇ ਪਹਿਲੀ ਲੇਨ ‘ਚ ਇਕ ਮਿੰਨੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਇੰਨਾ ਹੀ ਨਹੀਂ ਬੱਸ ‘ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਜ਼ਿਲ੍ਹੇ ਭਰ ਦੀਆਂ ਚਾਰ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ।
ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਨੇ ਦੱਸਿਆ ਕਿ ਇਹ ਸਾਰੇ ਪੰਜਾਬ ਦੇ ਨਾਬਸਰ ਦੇ ਬਲਚੌਰ ਦੇ ਰਹਿਣ ਵਾਲੇ ਹਨ ਤੇ ਘੁੰਮਣ ਲਈ ਮਥੁਰਾ ਵਰਿੰਦਾਵਨ ਗਏ ਸੀ।
ਜ਼ਖ਼ਮੀਆਂ ‘ਚ ਕਮਲਾ ਪੁੱਤਰੀ ਦਵਿੰਦਰ, ਨੀਲਮ ਕੁਮਾਰੀ ਪੁੱਤਰੀ ਤਰਸੇਮ, ਕਾਂਤਾ ਰਾਣੀ ਪਤਨੀ ਜੈਪਾਲ, ਨੇਹਾ ਪੁੱਤਰੀ ਅਨਿਲ ਕੁਮਾਰ, ਅਮਨ ਪੁੱਤਰ ਗੁਰਦੀਪ, ਨੀਸ਼ੂ ਪਤਨੀ ਮਨੀਸ਼ ਕੁਮਾਰ, ਰੀਨਾ ਰਾਣੀ ਪਤਨੀ ਰੋਹਿਤ ਕੁਮਾਰ, ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ, ਮਨੀਸ਼ਾ ਰਾਣੀ ਪਤਨੀ ਸੁਰੇਸ਼ ਕੁਮਾਰ, ਈਸ਼ਾ ਰਾਣੀ ਪੁੱਤਰੀ ਸਤੀਸ਼ ਕੁਮਾਰ, ਧਰੁਵ ਪੁੱਤਰ ਮਨੀਸ਼ ਕੁਮਾਰ ਸਾਰੇ ਜ਼ਖਮੀ ਹਨ। ਜਾਂਚ ਤੋਂ ਬਾਅਦ ਡਾਕਟਰ ਨੇ ਸੀਮਾ ਪਤਨੀ ਸਤੀਸ਼ ਕੁਮਾਰ ਤੇ ਮਨਦੀਪ ਪਤਨੀ ਬਖਸ਼ੀਸ਼ ਨੂੰ ਮ੍ਰਿਤਕ ਐਲਾਨ ਦਿੱਤਾ।