ਭਾਰਤੀ ਵਿਦਿਆਰਥੀਆਂ ਨੂੰ ਲੈਕੇ ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਖੁਸ਼ ਕਰਨ ਵਾਲਾ ਬਿਆਨ
ਬੀਤੇ ਕੁਝ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਵੀਜਾ ਫਾਈਲਾਂ ਵਿੱਚ ਬੇਲੋੜੀ ਰਿਜੈਕਸ਼ਨ ਦਰ ਵਧੀ ਹੈ। ਜਿੱਥੇ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਭਾਰਤੀ ਵਿਦਆਰਥੀਆਂ ਦੀਆਂ 40% ਫਾਈਲਾਂ ਰੱਦ ਹੋਈਆਂ ਸਨ, ਉੱਥੇ ਹੀ ਚੀਨੀ ਵਿਦਆਰਥੀਆਂ ਦੀਆਂ ਫਾਈਲਾਂ 98% ਤੱਕ ਅਪਰੂਵ ਹੋਈਆਂ ਹਨ। ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਵੀ ਇਸ ਨੂੰ ਲੈਕੇ ਖੁਸ਼ ਨਹੀਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਉਹ ਅਜਿਹੇ ਬਦਲਾਅ ਕਰਨ ਦੇ ਹਿੱਤ ਵਿੱਚ ਹਨ, ਜਿਸ ਨਾਲ ਚੰਗੀ ਮਨਸ਼ਾ ਰੱਖਣ ਵਾਲੇ ਭਾਰਤੀ ਵਿਦਆਰਥੀਆਂ ਦੇ ਵੀਜੇ ਰੱਦ ਨਾ ਹੋਣ ਤੇ ਉਨ੍ਹਾਂ ਨੂੰ ਆਸਾਨੀ ਨਾਲ ਵੀਜੇ ਜਾਰੀ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਲਈ ਇੱਕ ਵੱਡੀ ਸੰਭਾਵਿਤ ਮਾਰਕੀਟ ਹੈ ਤੇ ਨਿਊਜੀਲੈਂਡ ਆਉਣ ਵਾਲੇ ਵਿਦਆਰਥੀਆਂ ਨੂੰ ਲੈਕੇ ਪ੍ਰੀ-ਕੋਵਿਡ ਲੇਵਲ ਹਾਸਿਲ ਕਰਨਾ ਚਾਹੁੰਦੇ ਹਨ। ਨਿਊਜੀਲੈਂਡ ਦੀਆਂ ਯੂਨੀਵਰਸਿਟੀਆਂ ਤੇ ਟਰਸ਼ਰੀ ਐਜੂਕੇਸ਼ਨ ਕੇਂਦਰ ਵੀ ਸਰਕਾਰ ‘ਤੇ ਦਬਾਅ ਬਣਾ ਰਹੇ ਹਨ ਕਿ ਭਾਰਤ ਤੋਂ ਆਉਣ ਵਾਲੇ ਵਿਦਆਰਥੀਆਂ ਦੀ ਬੇਲੋੜੀ ਰਿਜੇਕਸ਼ਨ ਘਟਾਈ ਜਾਏ, ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਵੱਡੇ ਵਿੱਤੀ ਨੁਕਸਾਨ ਝੱਲਣੇ ਪੈ ਰਹੇ ਹਨ।