ਭਾਰਤੀ ਮੂਲ ਦੇ ਸਮੀਰ ਸ਼ਾਹ ਹੋਣਗੇ BBC ਦੇ ਨਵੇਂ ਚੇਅਰਮੈਨ
ਬ੍ਰਿਟਿਸ਼ ਸਰਕਰਾ ਨੇ ਬੀਬੀਸੀ ਦੇ ਨਵੇਂ ਮੁਖੀ ਦੇ ਲਈ ਭਾਰਤੀ ਮੂਲ ਦੇ ਡਾ, ਸਮੀਰ ਸ਼ਾਹ ਦਾ ਨਾਂਅ ਫ਼ਾਇਨਲ ਕਰ ਦਿੱਤਾ ਹੈ। ਸਰਕਾਰ ਨੇ ਤਜ਼ਰਬੇਕਾਰ ਟੀਵੀ ਪੱਤਰਕਾਰ ਸਮੀਰ ਸ਼ਾਹ ਨੂੰ ਰਿਚਰਡ ਸ਼ਾਰਪ ਦੀ ਜਗ੍ਹਾ ਉੱਤੇ ਨਵਾਂ ਚੇਅਰਮੈਨ ਲਾਇਆ ਹੈ। ਰਿਚਰਡ ਨੂੰ ਅਪ੍ਰੈਲ ਮਹੀਨੇ ਵਿੱਚ ਬੀਬੀਸੀ ਦੇ ਮੁਖੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਰਕਾਰ ਦੇ ਇਹ ਫ਼ੈਸਲਾ ਉਸ ਵੇਲੇ ਆਇਆ ਹੈ ਜਦੋਂ ਬੀਬੀਸੀ ਆਰਥਿਕ ਸੰਕਟ ਚੋਂ ਲੰਘ ਰਿਹਾ ਹੈ।
ਜ਼ਿਕਰ ਕਰ ਦਈਏ ਕਿ 70 ਸਾਲ ਦੇ ਸਮੀਰ ਸ਼ਾਹ ਨੂੰ ਟੈਲੀਵੀਜ਼ਨ ਤੇ ਵਿਰਾਸਤ ਦੀਆਂ ਸੇਵਾਵਾਂ ਲਈ 2019 ਵਿੱਚ ਮਹਾਰਾਨੀ ਐਲਜ਼ੀਬੈਥ ਵੱਲੋਂ ਸੀਬੀਆਈ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਮੀਰ ਸ਼ਾਹ ਨੇ 40 ਤੋਂ ਵੱਧ ਸਾਲਾਂ ਤੱਕ ਟੈਲੀਵੀਜ਼ਨ ਵਿੱਚ ਕੰਮ ਕੀਤਾ ਹੈ ਤੇ ਬੀਬੀਸੀ ਵਿੱਚ ਕਰੰਟ ਅਫੇਅਰਸ ਦੇ ਮੁਖੀ ਸਹਿਤ ਕਈ ਭੂਮੀਕਾਵਾਂ ਨਿਭਾਈਆਂ ਹਨ। ਆਪਣਾ ਨਾਂਅ ਤੈਅ ਹੋਣ ਤੋਂ ਬਾਅਦ ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਦਾ ਪਸੰਦੀਦਾ ਉਮੀਦਵਾਰ ਤੈਅ ਕੀਤੇ ਜਾਣ ਉੱਤੇ ਖ਼ੁਸ਼ੀ ਹੋਈ।
ਬੀਬੀਸੀ ਦੇ ਇੱਕ ਬੁਲਾਰੇ ਨੇ ਕਿਹਾ, ਅਸੀਂ ਇਸ ਐਲਾਨ ਦਾ ਸੁਆਗਤ ਕਰਦੇ ਹਾਂ ਕਿ ਸਮੀਰ ਸ਼ਾਹ ਨੂੰ ਬੀਬੀਸੀ ਮੁਖੀ ਦੀ ਭੂਮਿਕਾ ਨਿਭਾਉਣ ਲਈ ਸਰਕਾਰ ਨੇ ਚੁਣਿਆ ਹੈ ਤੇ ਛੇਤੀ ਹੀ ਰਸਮੀ ਪ੍ਰਕਿਰਿਆ ਹੋਣ ਤੋਂ ਬਾਅਦ ਉਨ੍ਹਾਂ ਦੇ ਬੋਰਡ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਜਾਣੋ ਕੌਣ ਨੇ ਸਮੀਰ ਸ਼ਾਹ
ਸਮੀਰ ਸ਼ਾਹ ਦਾ ਜਨਮ 1952 ਵਿੱਚ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ 1960 ਵਿੱਚ ਇੰਗਲੈਂਡ ਗਿਆ ਸੀ ਜਿੱਥੇ ਉਨ੍ਹਾਂ ਇੱਕ ਬ੍ਰਿਟਿਸ਼ ਸਕੂਲ ਵਿੱਚ ਪੜ੍ਹਾਈ ਕੀਤੀ ਤੇ HULL ਯੂਨੀਵਰਸਿਟੀ ਤੋਂ ਭੂਗੋਲ ਦੀ ਆਪਣੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਲੰਡਨ ਵੀਕੈਂਡ ਟੈਲੀਵੀਜ਼ਨ ਨਾਲ ਜੁੜ ਗਏ ਜਿੱਥੇ ਉਨ੍ਹਾਂ ਨੇ ਜਾਨ ਬ੍ਰਿਟ ਤੇ ਮਾਇਕਲ ਵਿਲਸ ਨਾਲ ਕੰਮ ਕੀਤਾ।
ਇਸ ਤੋਂ ਬਾਅਦ 1987 ਵਿੱਚ ਬੀਬੀਸੀ ਟੀਵੀ ਕਰੰਟ ਅਫੇਅਰਜ਼ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ, 1994 ਤੋਂ 1998 ਤੱਕ, ਉਹ ਬੀਬੀਸੀ ਦੇ ਰਾਜਨੀਤਿਕ ਪੱਤਰਕਾਰੀ ਪ੍ਰੋਗਰਾਮ ਦੇ ਮੁਖੀ ਰਹੇ। 1998 ਵਿੱਚ, ਸ਼ਾਹ ਨੇ ਵਿਲਸ ਤੋਂ ਜੂਨੀਪਰ ਟੀਵੀ ਖਰੀਦਿਆ, ਜਿਸ ਤੋਂ ਬਾਅਦ ਜੂਨੀਪਰ ਦੇ ਕਈ ਪ੍ਰੋਗਰਾਮ ਬੀਬੀਸੀ, ਚੈਨਲ 4, ਨੈਸ਼ਨਲ ਜੀਓਗ੍ਰਾਫਿਕ, ਡਿਸਕਵਰੀ ਅਤੇ ਇੱਥੋਂ ਤੱਕ ਕਿ ਨੈੱਟਫਲਿਕਸ ‘ਤੇ ਪ੍ਰਸਾਰਿਤ ਕੀਤੇ ਗਏ। ਉਹ 2002 ਵਿੱਚ ਰਾਇਲ ਟੈਲੀਵਿਜ਼ਨ ਸੋਸਾਇਟੀ ਦਾ ਇੱਕ ਫੈਲੋ ਵੀ ਚੁਣਿਆ ਗਿਆ ਸੀ ਅਤੇ ਵਿਰਾਸਤ ਅਤੇ ਟੈਲੀਵਿਜ਼ਨ ਦੀਆਂ ਸੇਵਾਵਾਂ ਲਈ 2019 ਵਿੱਚ ਇੱਕ CBE ਨਾਲ ਸਨਮਾਨਿਤ ਕੀਤਾ ਗਿਆ ਸੀ।