ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ ‘ਚ ਹਾਰ ਕੇ ਬਾਹਰ
ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ ‘ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾਏ ਪਰ ਦੀਪਿਕਾ ਅਤੇ ਅੰਕਿਤਾ ਭਗਤ ਵਰਗੀਆਂ ਤਜਰਬੇਕਾਰ ਖਿਡਾਰਨਾਂ ਕਮਜ਼ੋਰ ਕੜੀ ਸਾਬਤ ਹੋਈਆਂ। ਦੋਵਾਂ ਦਾ ਸਕੋਰ 50 ਦੇ ਕੋਲ ਵੀ ਨਹੀਂ ਰਿਹਾ। ਭਾਰਤੀ ਟੀਮ 51.52, 49.54, 48.53 ਨਾਲ ਹਾਰ ਗਈ।
ਭਾਰਤੀ ਮਹਿਲਾ ਟੀਮ ਦੀ ਕੋਚ ਪੂਰਨਿਮਾ ਮਹਤੋ ਨੇ ਕਿਹਾ ਕਿ ਤਜਰਬੇਕਾਰ ਤੀਰਅੰਦਾਜ਼ ਹੋਣ ਦੇ ਨਾਤੇ ਉਸ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਖੇਡਣਾ ਚਾਹੀਦਾ ਸੀ। ਉਮੀਦ ਕੀਤੀ ਜਾਂਦੀ ਹੈ ਕਿ ਉਹ ਮਿਸ਼ਰਤ ਅਤੇ ਵਿਅਕਤੀਗਤ ਵਰਗਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਅੰਕਿਤਾ ਧੀਰਜ ਬੋਮਾਦੇਵਰਾ ਦੇ ਨਾਲ ਮਿਕਸਡ ਟੀਮ ਵਿੱਚ ਮੈਦਾਨ ਵਿੱਚ ਉਤਰੇਗੀ। ਭਾਰਤੀ ਪੁਰਸ਼ ਟੀਮ ਸੋਮਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।