ਭਾਰਤੀ ਕ੍ਰਿਕਟ ਲਈ ਇਤਿਹਾਸਕ ਦਿਨ, ਜਸਪ੍ਰੀਤ ਬੁਮਰਾਹ ਪਹਿਲੀ ਵਾਰ ਬਣੇ ਨੰਬਰ-1 ਗੇਂਦਬਾਜ਼
ਜਸਪ੍ਰੀਤ ਬੁਮਰਾਹ ਆਈਸੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ ਨੰਬਰ-1 ਗੇਂਦਬਾਜ਼ ਬਣ ਗਏ ਹਨ। ਬੁਮਰਾਹ ਦੇ ਨੰਬਰ-1 ਬਣਦੇ ਹੀ ਭਾਰਤ ਨੇ ਇਤਿਹਾਸ ਰਚ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਤੇਜ਼ ਗੇਂਦਬਾਜ਼ ਆਈਸੀਸੀ ਟੈਸਟ ਰੈਂਕਿੰਗ ‘ਚ ਚੋਟੀ ਦੇ ਸਥਾਨ ‘ਤੇ ਪਹੁੰਚਿਆ ਹੈ। ਜਸਪ੍ਰੀਤ ਬੁਮਰਾਹ ਨੇ ਵਿਸ਼ਾਖਾਪਟਨਮ ਟੈਸਟ ‘ਚ ਇੰਗਲੈਂਡ ਖਿਲਾਫ ਕੁੱਲ 9 ਵਿਕਟਾਂ ਲਈਆਂ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ।
ਬੁਮਰਾਹ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੇ ਦੂਜੇ ਟੈਸਟ ‘ਚ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਬੁਮਰਾਹ ਨੂੰ ਤਿੰਨ ਸਥਾਨ ਦਾ ਫਾਇਦਾ ਹੋਇਆ ਤੇ ਉਹ ਗੇਂਦਬਾਜ਼ੀ ਰੈਂਕਿੰਗ ‘ਚ ਸਿਖਰਲੇ ਸਥਾਨ ‘ਤੇ ਪਹੁੰਚ ਗਏ। ਹਾਲਾਂਕਿ ਬੁਮਰਾਹ ਦੇ ਫਾਇਦੇ ਕਾਰਨ ਰਵੀਚੰਦਰਨ ਅਸ਼ਵਿਨ ਨੂੰ ਵੱਡਾ ਨੁਕਸਾਨ ਹੋਇਆ।
ਅਸ਼ਵਿਨ ਨੇ ਝੱਲਿਆ ਨੁਕਸਾਨ
ਰਵੀਚੰਦਰਨ ਅਸ਼ਵਿਨ ਪਿਛਲੇ ਸਾਲ ਮਾਰਚ ਤੋਂ ਸਿਖਰਲੇ ਸਥਾਨ ‘ਤੇ ਸਨ। ਇੰਗਲੈਂਡ ਖਿਲਾਫ ਦੂਜੇ ਟੈਸਟ ‘ਚ ਉਹ ਸਿਰਫ ਤਿੰਨ ਵਿਕਟਾਂ ਲੈ ਸਕੇ ਤੇ ਇਸ ਕਾਰਨ ਉਨ੍ਹਾਂ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ। ਅਸ਼ਵਿਨ ਦੋ ਸਥਾਨਾਂ ਦੇ ਨੁਕਸਾਨ ਨਾਲ ਤਾਜ਼ਾ ਦਰਜਾਬੰਦੀ ‘ਚ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਦੂਜੇ ਸਥਾਨ ‘ਤੇ ਬਰਕਰਾਰ ਹਨ।
ਬੁਮਰਾਹ ਦਾ ਕਮਾਲ
ਜਸਪ੍ਰੀਤ ਬੁਮਰਾਹ ਪਹਿਲੀ ਵਾਰ ਟੈਸਟ ਰੈਂਕਿੰਗ ‘ਚ ਨੰਬਰ-1 ਬਣੇ। 30 ਸਾਲਾ ਤੇਜ਼ ਗੇਂਦਬਾਜ਼ ਦਾ ਪਿਛਲੀ ਸਰਬੋਤਮ ਦਰਜਾਬੰਦੀ ‘ਚ ਤੀਜਾ ਸਥਾਨ ਸੀ। ਬੁਮਰਾਹ ਨੰਬਰ-1 ਦਾ ਸਥਾਨ ਹਾਸਲ ਕਰਨ ਵਾਲੇ ਚੌਥੇ ਭਾਰਤੀ ਖਿਡਾਰੀ ਹਨ। ਇਸ ਤੋਂ ਪਹਿਲਾਂ ਸਿਰਫ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਤੇ ਬਿਸ਼ਨ ਸਿੰਘ ਬੇਦੀ ਹੀ ਨੰਬਰ-1 ਟੈਸਟ ਗੇਂਦਬਾਜ਼ ਰਹਿ ਚੁੱਕੇ ਹਨ।
ਦੂਜੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਸ਼੍ਰੀਲੰਕਾ ਦੇ ਸਪਿਨਰ ਪ੍ਰਭਾਤ ਜੈਸੂਰੀਆ ਤਿੰਨ ਸਥਾਨਾਂ ਦੇ ਫਾਇਦੇ ਨਾਲ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ। ਅਸਿਤ ਫਰਨਾਂਡੋ ਸੱਤ ਸਥਾਨਾਂ ਦੇ ਸੁਧਾਰ ਨਾਲ 34ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਕੇਨ ਵਿਲੀਅਮਸਨ ਨੰਬਰ-1
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਬਰਕਰਾਰ ਹਨ। ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 37 ਸਥਾਨਾਂ ਦੀ ਛਾਲ ਮਾਰ ਕੇ ਹੁਣ 29ਵੇਂ ਨੰਬਰ ‘ਤੇ ਪਹੁੰਚ ਗਏ ਹਨ। ਆਸਟ੍ਰੇਲੀਆ ਦੇ ਸਟੀਵ ਸਮਿਥ ਦੂਜੇ ਸਥਾਨ ‘ਤੇ ਹਨ ਜਦਕਿ ਜੋਅ ਰੂਟ ਤੀਜੇ ਸਥਾਨ ‘ਤੇ ਹਨ। ਜੈਕ ਕ੍ਰੌਲੀ ਅੱਠ ਸਥਾਨਾਂ ਦੇ ਫਾਇਦੇ ਨਾਲ 22ਵੇਂ ਨੰਬਰ ‘ਤੇ ਪਹੁੰਚ ਗਏ ਹਨ।