ਬੰਦੀ ਸਿੰਘਾਂ ਸਬੰਧੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਦਿੱਤਾ ਸਮਾਂ ਖ਼ਤਮ

ਸਟਾਫ ਰਿਪੋਰਟਰ, ਅੰਮ੍ਰਿਤਸਰ : ਬਲਵੰਤ ਸਿੰਘ ਰਾਜੋਆਣਾ (Balwant Singh Rajoana) ਦੀ ਸਜ਼ਾ ਤਬਦੀਲੀ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚਾਰਾਜੋਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵੱਲੋਂ ਗਠਤ ਕੀਤੀ ਗਈ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਦੇ ਯਤਨ ਨਿਰੰਤਰ ਜਾਰੀ ਹਨ, ਪਰ ਇਸ ਕਮੇਟੀ ਦੇ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸਮਾਂ ਮੁੱਕ ਗਿਆ ਹੈ।

ਉਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ 19 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਡਾ. ਬਰਜਿੰਦਰ ਸਿੰਘ ਹਮਦਰਦ, ਵਿਰਸਾ ਸਿੰਘ ਵਲਟੋਹਾ ਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਨਾਲ ਇਕੱਤਰਤਾ ਦੌਰਾਨ ਸਰਕਾਰ ਨਾਲ ਜਲਦ ਬੈਠਕ ਹੋਣ ਦੀ ਆਸ ਪ੍ਰਗਟਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ 27 ਜਨਵਰੀ ਤਕ ਦੇ ਦਿੱਤੇ ਸਮੇਂ ਨੂੰ ਵਧਾਉਂਣ ਲਈ ਬੇਨਤੀ ਕਰਨ ਦਾ ਫੈਸਲਾ ਲਿਆ ਸੀ। ਬੀਤੇ ਦਿਨੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 27 ਜਨਵਰੀ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਹੋਰ ਸਮਾਂ ਵਧਾਉਣ ਲਈ ਬੇਨਤੀ ਕੀਤੀ ਜਾਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਉਪਰੋਕਤ ਕਮੇਟੀ ਗਠਿਤ ਕੀਤੀ ਸੀ ਅਤੇ 31 ਦਸੰਬਰ ਤਕ ਦਾ ਸਮਾਂ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫੀ ਲਈ ਦਿੱਤੀ ਰਹਿਮ ਦੀ ਅਪੀਲ ’ਤੇ ਕੋਈ ਫੈਸਲਾ ਲਿਆ ਜਾਵੇ। ਸਮਾਂ ਖ਼ਤਮ ਹੋਣ ‘ਤੇ ਪੰਜ ਮੈਂਬਰੀ ਕਮੇਟੀ ਦੀ ਮੰਗ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 27 ਜਨਵਰੀ ਤਕ ਦਾ ਸਮਾਂ ਹੋਰ ਵਧਾ ਦਿੱਤਾ ਸੀ। ਸਮਾਂ ਹੱਦ ਖਤਮ ਹੋਣ ਅਤੇ ਪੰਜ ਮੈਂਬਰੀ ਕਮੇਟੀ ਦੇ ਯਤਨਾਂ ਨੂੰ ਬੂਰ ਨਾ ਪੈਂਦਿਆਂ ਦੇਣ ਇਸ ਕਮੇਟੀ ਨੇ ਹੋਰ ਸਮਾਂ ਲੈਣ ਦੀ ਚਾਰਾਜੋਈ ਆਰੰਭੀ ਹੈ, ਜਿਸ ਲਈ 27 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ 27 ਜਨਵਰੀ ਨੂੰ ਮੁਲਾਕਾਤ ਹੋਣ ਦੀ ਆਸ ਹੈ। ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਜੇਲ੍ਹ ਵਿਚ ਮੁਲਾਕਾਤ ਕਰਨ ਲਈ ਡੀਜੀਪੀ ਤੇ ਜੇਲ੍ਹ ਸੁਪਰੀਡੈਂਟ ਨੂੰ ਪੱਤਰ ਲਿਖਿਆ ਹੈ। ਇਸ ਕਮੇਟੀ ਨੂੰ ਆਸ ਹੈ ਕਿ ਜਲਦ ਹੀ ਗ੍ਰਹਿ ਮੰਤਰੀ ਵੀ ਬੰਦੀ ਸਿੰਘਾਂ ਦੇ ਮਾਮਲੇ ਵਿਚ ਜਲਦ ਮੁਲਾਕਾਤ ਦਾ ਸਮਾਂ ਦੇਣਗੇ ਤਾਂ ਜੋ ਇਹ ਕਮੇਟੀ ਆਪਣਾ ਪੱਖ ਰੱਖ ਸਕੇ।

Leave a Reply

Your email address will not be published. Required fields are marked *