ਬ੍ਰਿਟੇਨ ਦੇ 111 ਸਾਲਾ ਜੌਹਨ ਟਿਨੀਸਵੁੱਡ ਨੂੰ ਮਿਲਿਆ ਦੁਨੀਆ ਦੇ ਸੱਭ ਤੋਂ ਬਜ਼ੁਰਗ ਵਿਅਕਤੀ ਦਾ ਖਿਤਾਬ
ਦੁਨੀਆਂ ਦੇ ਸੱਭ ਤੋਂ ਬਜ਼ੁਰਗ ਜੀਵਤ ਵਿਅਕਤੀ, 111 ਸਾਲਾ ਬ੍ਰਿਟਿਸ਼ ਜੌਨ ਟਿਨਿਸਵੁੱਡ ਨੇ ਕਿਹਾ ਕਿ ਉਨ੍ਹਾਂ ਦੀ ਲੰਬੀ ਉਮਰ “ਸਿਰਫ ਕਿਸਮਤ” ਹੈ ਅਤੇ ਉਨ੍ਹਾਂ ਦੀ ਖੁਰਾਕ ਦਾ ਕੋਈ ਖਾਸ ਰਾਜ਼ ਨਹੀਂ। ਹਾਲਾਂਕਿ, ਉਨ੍ਹਾਂ ਦਾ ਮਨਪਸੰਦ ਭੋਜਨ ਹਰ ਸ਼ੁੱਕਰਵਾਰ ਨੂੰ ਮੱਛੀ ਅਤੇ ਚਿਪਸ ਸੀ। ਅੱਧੀ ਸਦੀ ਤੋਂ ਵੱਧ ਸਮੇਂ ਤੋਂ ਰਿਟਾਇਰ ਹੋ ਚੁੱਕੇ ਟਿਨਿਸਵੁੱਡ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਦਾ ਖਿਤਾਬ ਵੈਨੇਜ਼ੁਏਲਾ ਦੇ 114 ਸਾਲਾ ਜੁਆਨ ਵਿਸੇਂਟੇ ਪੇਰੇਜ਼ ਮੋਰਾ ਤੋਂ ਬਾਅਦ ਮਿਲਿਆ ਹੈ, ਜਿਨ੍ਹਾਂ ਦੀ ਮੌਤ ਦਾ ਐਲਾਨ ਇਸ ਹਫਤੇ ਦੇ ਸ਼ੁਰੂ ‘ਚ ਕੀਤਾ ਗਿਆ ਸੀ।
1912 ਵਿਚ ਉੱਤਰੀ ਇੰਗਲੈਂਡ ਦੇ ਮਰਸੀਸਾਈਡ ਵਿਚ ਪੈਦਾ ਹੋਏ, ਟਿਨਿਸਵੁੱਡ, ਇਕ ਰਿਟਾਇਰਡ ਅਕਾਊਂਟੈਂਟ ਅਤੇ ਸਾਬਕਾ ਡਾਕ ਸੇਵਾ ਕਰਮਚਾਰੀ, 111 ਸਾਲ ਅਤੇ 222 ਦਿਨ ਦੇ ਹਨ। ਹਾਲਾਂਕਿ, ਜਦੋਂ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਪੁੱਛਿਆ ਗਿਆ, ਤਾਂ ਉਨ੍ਹਾਂ ਇਕ ਅਨੋਖਾ ਜਵਾਬ ਦਿਤਾ, “ਜਾਂ ਤਾਂ ਤੁਸੀਂ ਲੰਬੇ ਸਮੇਂ ਤਕ ਜਿਊਂਦੇ ਹੋ ਜਾਂ ਤੁਸੀਂ ਥੋੜ੍ਹੇ ਸਮੇਂ ਤਕ ਜਿਊਂਦੇ ਹੋ, ਅਤੇ ਤੁਸੀਂ ਇਸ ਬਾਰੇ ਬਹੁਤ ਕੁੱਝ ਨਹੀਂ ਕਰ ਸਕਦੇ’।
ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਕ ਬਿਆਨ ਵਿਚ ਕਿਹਾ ਕਿ ਟਿਨਿਸਵੁੱਡ ਦੇ ਰਿਕਾਰਡ ਦੇ ਦਾਅਵੇ ਦਾ ਮੁਲਾਂਕਣ ਉਸ ਦੇ ਮਾਹਰਾਂ ਅਤੇ ਗੇਰੋਨਟੋਲੋਜੀ ਰਿਸਰਚ ਗਰੁੱਪ ਨੇ ਕੀਤਾ, ਜੋ ਦੁਨੀਆਂ ਦੇ ਪੁਸ਼ਟੀ ਕੀਤੇ ਗਏ ‘ਸੁਪਰਸੈਂਟੇਰੀਅਨ’ ਦੀ ਸੂਚੀ ਦਿੰਦਾ ਹੈ।
ਹੁਣ ਤਕ ਦੇ ਸੱਭ ਤੋਂ ਬਜ਼ੁਰਗ ਵਿਅਕਤੀ ਜਾਪਾਨ ਦੇ ਜਿਰੋਮੋਨ ਕਿਮੂਰਾ ਸਨ, ਜੋ 116 ਸਾਲ ਅਤੇ 54 ਦਿਨ ਤਕ ਜਿਊਂਦੇ ਰਹੇ। ਦੁਨੀਆਂ ਦੀ ਸੱਭ ਤੋਂ ਬਜ਼ੁਰਗ ਮਹਿਲਾ ਸਪੇਨ ਦੀ ਮਾਰੀਆ ਬ੍ਰਾਨਿਆਸ ਮੋਰੇਰਾ 117 ਸਾਲ ਦੀ ਹੈ। ਟਿਨੀਸਵੁੱਡ ਦਾ ਕਹਿਣਾ ਹੈ, “ਸੰਸਾਰ, ਅਪਣੇ ਤਰੀਕੇ ਨਾਲ, ਹਮੇਸ਼ਾ ਬਦਲਦਾ ਰਹਿੰਦਾ ਹੈ, ਇਹ ਇਕ ਕਿਸਮ ਦਾ ਨਿਰੰਤਰ ਤਜਰਬਾ ਹੈ … ਇਹ ਥੋੜ੍ਹਾ ਬਿਹਤਰ ਹੋ ਰਿਹਾ ਹੈ ਪਰ ਅਜੇ ਤਕ ਓਨਾ ਨਹੀਂ। ਇਹ ਸਹੀ ਰਸਤੇ ‘ਤੇ ਚੱਲ ਰਿਹਾ ਹੈ’।