ਬਰਤਾਨੀਆਂ ‘ਚ ਖੁੱਲ੍ਹੀ ਪਹਿਲੀ ਸਿੱਖ ਅਦਾਲਤ, ਮੁੱਖ ਉਦੇਸ਼ ਸਿੱਖ ਪਰਿਵਾਰਾਂ ਦੀ ਮਦਦ ਕਰਨਾ
ਲੰਡਨ – ਬਰਤਾਨੀਆਂ ਵਿਚ ਸਿੱਖ ਭਾਈਚਾਰੇ ਦੇ ਵਕੀਲਾਂ ਨੇ ਪਰਿਵਾਰਕ ਅਤੇ ਸਿਵਲ ਵਿਵਾਦਾਂ ਵਿਚ ਫਸੇ ਭਾਈਚਾਰੇ ਦੇ ਲੋਕਾਂ ਲਈ ਵਿਵਾਦ ਨਿਪਟਾਰਾ ਪਲੇਟਫਾਰਮ ਵਜੋਂ ਇਕ ਨਵੀਂ ਅਦਾਲਤ ਦੀ ਸਥਾਪਨਾ ਕੀਤੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ ‘ਚ ਦਿੱਤੀ ਗਈ।
‘ਦਿ ਟਾਈਮਜ਼’ ਮੁਤਾਬਕ ਪਿਛਲੇ ਹਫ਼ਤੇ ਲੰਡਨ ਦੇ ਲਿੰਕਨਜ਼ ਇਨ ਦੇ ਓਲਡ ਹਾਲ ਵਿਖੇ ਧਾਰਮਿਕ ਗੀਤਾਂ ਨਾਲ ਸਿੱਖ ਦਰਬਾਰ ਦੀ ਸ਼ੁਰੂਆਤ ਕੀਤੀ ਗਈ।
ਲੰਡਨ ਦੇ 33 ਸਾਲਾ ਵਕੀਲ ਬਲਦੀਪ ਸਿੰਘ ਨੇ ਅਖਬਾਰ ਨੂੰ ਦੱਸਿਆ ਕਿ ਇਹ ਕੋਈ ਧਾਰਮਿਕ ਟ੍ਰਿਬਿਊਨਲ ਨਹੀਂ ਹੈ ਪਰ ਇਸ ਦਾ ਮਕਸਦ ਸਿੱਖ ਸਿਧਾਂਤਾਂ ਦੇ ਮੁਤਾਬਕ ਸੰਘਰਸ਼ਾਂ ਅਤੇ ਝਗੜਿਆਂ ਨਾਲ ਨਜਿੱਠਦੇ ਹੋਏ ਲੋੜ ਸਮੇਂ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਨਵੀਂ ਅਦਾਲਤ ਨਿੱਜੀ ਤੌਰ ‘ਤੇ ਚਲਾਈ ਜਾਵੇਗੀ, ਅਤੇ ਇਸ ਵਿਚ ਲਗਭਗ 30 ਮੈਜਿਸਟ੍ਰੇਟ ਅਤੇ 15 ਜੱਜ ਹੋਣਗੇ। ਖਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਜ਼ਿਆਦਾਤਰ ਔਰਤਾਂ ਹੋਣਗੀਆਂ। ਅਦਾਲਤ ਵਿਚ ਮੈਜਿਸਟ੍ਰੇਟ ਦਾ ਕੰਮ ਇਕ ਸਮਝੌਤੇ ‘ਤੇ ਪਹੁੰਚਣ ਲਈ ਧਿਰਾਂ ਵਿਚਕਾਰ ਵਿਚੋਲਗੀ ਕਰਨਾ ਹੋਵੇਗਾ।
ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈ਼ਸਲਾ ਕੀਤਾ ਗਿਆ ਹੈ ਕਿ ਅਦਾਲਤ ਘਰੇਲੂ ਹਿੰਸਾ, ਜੂਏਬਾਜ਼ੀ ਅਤੇ ਨਸ਼ਾਖੋਰੀ ਵਰਗੇ ਮਾਮਲਿਆਂ ਨਾਲ ਨਜਿੱਠੇਗੀ। ਜੇਕਰ ਇਹਨਾਂ ਮਾਮਲਿਆਂ ਵਿਚ ਵਿਚੋਲਗੀ ਅਸਫ਼ਲ ਰਹਿੰਦੀ ਹੈ, ਤਾਂ ਕੇਸ ਨੂੰ ਅਦਾਲਤ ਦੇ ਜੱਜ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਤੋਂ ਬਾਅਦ ਆਰਬਿਟਰੇਸ਼ਨ ਐਕਟ ਤਹਿਤ ਕਾਨੂੰਨੀ ਤੌਰ ‘ਤੇ ਫੈਸਲਾ ਲਿਆ ਜਾਵੇਗਾ।
ਬਲਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਨੂੰ ਅਸੀਂ ਨਜਿੱਠ ਨਹੀਂ ਸਕਦੇ, ਉਨ੍ਹਾਂ ਨੂੰ ਢੁੱਕਵੀਂ ਥਾਂ ‘ਤੇ ਭੇਜਿਆ ਜਾਵੇਗਾ। ਨਵੇਂ ਅਦਾਲਤੀ ਨਿਯਮਾਂ ਦੇ ਤਹਿਤ, ਕੇਸ ਦੇ ਦੋਵੇਂ ਧਿਰਾਂ ਨੂੰ ਹਿੱਸਾ ਲੈਣ ਲਈ ਸਹਿਮਤੀ ਦੇਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਅਦਾਲਤ ਦਾ ਮਕਸਦ ਅੰਗਰੇਜ਼ੀ ਅਦਾਲਤਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਤੰਗ ਕਰਨਾ ਨਹੀਂ ਹੈ।