ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਫਰਵਰੀ ਦੇ ਆਖ਼ਰੀ ਹਫ਼ਤੇ ਹੋਵੇਗਾ ਸ਼ੁਰੂ, ਪੰਜਾਬ ਸਰਕਾਰ ਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਖਿੱਚੀਆਂ ਤਿਆਰੀਆਂ
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਫਰਵਰੀ ਦੇ ਆਖ਼ਰੀ ਹਫ਼ਤੇ ਸ਼ੁਰੂ ਹੋਣ ਦਾ ਅਨੁਮਾਨ ਹੈ। ਪੰਜਾਬ ਸਰਕਾਰ ਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਬਜਟ ਸੈਸ਼ਨ ਬਲਾਉਣ ਸਬੰਧੀ ਤਿਆਰੀਆਂ ਖਿੱਚ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਜ਼ਾਰਤ ਦੀ ਮੀਟਿੰਗ ਬੁਲਾ ਕੇ ਸੈਸ਼ਨ ਬੁਲਾਉਣ ਦੇ ਪ੍ਰਸਤਾਵ ’ਤੇ ਰਸਮੀ ਮੋਹਰ ਲਾ ਸਕਦੇ ਹਨ। ਹਾਲਾਂਕਿ ਕਾਨੂੰਨੀ ਤੌਰ ’ਤੇ ਸੈਸ਼ਨ ਬਲਾਉਣ ਦੀ ਪ੍ਰਵਾਨਗੀ ਸੂਬੇ ਦੇ ਰਾਜਪਾਲ ਨੇ ਦੇਣੀ ਹੁੰਦੀ ਹੈ ਅਤੇ ਰਾਜਪਾਲ ਕੈਬਨਿਟ ਵੱਲੋਂ ਸੈਸ਼ਨ ਬਲਾਉਣ ਸਬੰਧੀ ਪਾਸ ਕੀਤੇ ਗਏ ਪ੍ਰਸਤਾਵ ਦੇ ਅਧਾਰ ’ਤੇ ਮਨਜ਼ੂਰੀ ਦਿੰਦਾ ਹੈ। ਸਾਲ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਹਮੇਸ਼ਾ ਸੂਬੇ ਦੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਸੈਸ਼ਨ 26 ਜਾਂ 27 ਫਰਵਰੀ ਨੂੰ ਬੁਲਾਇਆ ਜਾ ਸਕਦਾ ਹੈ। ਦੇਸ਼ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਬਜਟ ਸੈਸ਼ਨ ਲੰਬਾ ਨਾ ਹੋਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮਾਰਚ ਦੇ ਪਹਿਲੇ ਹਫ਼ਤੇ ਦੇਸ਼ ’ਚ ਚੋਣ ਜ਼ਾਬਤਾ ਲੱਗ ਸਕਦਾ ਹੈ। ਇਸ ਤਰ੍ਹਾਂ ਸਿਆਸੀ ਪਾਰਟੀਆਂ ਦਾ ਰੁਝਾਨ ਸਿਆਸੀ ਸਰਗਰਮੀਆਂ ਵੱਲ ਵੱਧ ਜਾਵੇਗਾ।
ਵਿਧਾਨ ਸਭਾ ਦੇ ਸੂਤਰਾਂ ਮੁਤਾਬਕ ਜੇਕਰ ਸੈਸ਼ਨ 26 ਨੂੰ ਸ਼ੁਰੂ ਹੁੰਦਾ ਹੈ ਤਾਂ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸਦਨ ’ਚ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਬੈਠਕ ਉਠਾ ਦਿੱਤੀ ਜਾਵੇਗੀ। ਜੇਕਰ 27 ਨੂੰ ਸ਼ੁਰੂ ਹੁੰਦਾ ਹੈ ਤਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕੁਝ ਸਮੇਂ ਦੇ ਵਕਫ਼ੇ ਬਾਅਦ ਰਾਜਪਾਲ ਦਾ ਭਾਸ਼ਣ ਕਰਵਾਇਆ ਜਾ ਸਕਦਾ ਹੈ।
ਸੂਤਰ ਦੱਸਦੇ ਹਨ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮਾਰਚ ਦੇ ਪਹਿਲੇ ਹਫ਼ਤੇ ਹੀ ਸਰਕਾਰ ਦਾ ਤੀਸਰਾ ਬਜਟ ਪੇਸ਼ ਕਰਨਗੇ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨਾਂ ਦੌਰਾਨ ਚੀਮਾ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਬਜਟ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰ ਲਿਆ ਹੈ ਅਤੇ ਬਜਟ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀਆਂ ਨਜ਼ਰਾਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਟਿਕੀਆਂ ਹੋਈਆਂ ਹਨ।