ਪੰਜਾਬ ਪੁਲਿਸ ਵੱਲੋਂ ਲੱਖਾ ਸਿਧਾਣਾ ਸਣੇ ਭਾਨਾ ਸਿੱਧੂ ਦੇ ਪਿਤਾ, ਭਰਾ ਅਤੇ ਦੋ ਭੈਣਾਂ ਖ਼ਿਲਾਫ਼ ਮਾਮਲਾ ਦਰਜ
ਪੰਜਾਬ ਪੁਲਿਸ ਵੱਲੋਂ ਹੁਣ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੱਧੂ, ਦੋ ਭੈਣਾਂ, ਸਮਾਜਸੇਵੀ ਲੱਖਾ ਸਿਧਾਣਾ ਸਮੇਤ ਪੰਚ, ਸਰਪੰਚ ਦਾ ਨਾਮ ਜੋੜਦਿਆਂ ਕੁਲ 17 ਲੋਕਾਂ ਦੇ ਨਾਮ ਨਾਲ, ਜਦਕਿ 18ਵਾਂ ਅਣਪਛਾਤੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਧਨੌਲਾ ਵਿੱਚ ਕੇਸ ਵੀ ਦਰਜ ਕਰ ਲਿਆ ਗਿਆ ਹੈ। ਬਡਬਰ ਟੋਲ ਪਲਾਜ਼ਾ ‘ਤੇ ਸਰਕਾਰੀ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਸਰਕਾਰੀ ਜਾਇਦਾਦ ‘ਤੇ ਹਮਲਾ ਕਰਨ ਸਮੇਤ ਕਈ ਧਾਰਾਵਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਥਾਣਾ ਧਨੌਲਾ ਵਿੱਚ 3 ਫਰਵਰੀ ਨੂੰ ਇਸ ਬਾਬਤ ਐਫ.ਆਈ.ਆਰ ਨੰਬਰ 14 ਦਰਜ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਧਨੌਲਾ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਪਤਾ ਲੱਗ ਸਕੇ ਕਿ ਇਸ ਕੇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ। ਪਰ ਕੋਈ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਬਿਆਨ ਦੇਣ ਨੂੰ ਤਿਆਰ ਨਹੀਂ ਹੈ। ਕਾਬਲੇਗੌਰ ਹੈ ਕਿ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਡਬਰ ਟੋਲ ਪਲਾਜ਼ਾ ਤੋਂ ਸੰਗਰੂਰ ਜਾਣ ਸਮੇਂ ਪੁਲਿਸ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਝੜਪ ਹੋ ਗਈ ਸੀ, ਜਿਸ ਵਿੱਚ ਲੱਖਾ ਸਿਧਾਣਾ ਅਤੇ ਕਈ ਕਿਸਾਨ ਜਥੇਬੰਦੀਆਂ ਵੀ ਭਾਣਾ ਸਿੱਧੂ ਦੇ ਹੱਕ ਵਿੱਚ ਨਿੱਤਰੀਆਂ ਸਨ।
ਇਹ ਹੈ ਪੂਰਾ ਮਾਮਲਾ
ਚੰਡੀਗੜ੍ਹ ਦੀ ਇਕ ਮਹਿਲਾ ਟਰੈਵਲ ਏਜੰਟ ਗੁਰਪ੍ਰੀਤ ਕੌਰ ਨੇ ਭਾਨਾ ਸਿੱਧੂ ‘ਤੇ 10 ਹਜ਼ਾਰ ਰੁਪਏ ਦੀ ਮੰਗ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਭਾਨਾ ਸਿੱਧੂ ਸੋਸ਼ਲ ਮੀਡੀਆ ‘ਤੇ ਟਰੈਵਲ ਏਜੰਟਾਂ ਖ਼ਿਲਾਫ਼ ਬੋਲਦਾ ਹੈ। ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਲੋਕਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਉਹ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦਵੇਗਾ। ਮਹਿਲਾ ਨੇ ਇਲਜ਼ਾਮ ਲਾਏ ਨੇ ਕਿ ਭਾਨਾ ਸਿੱਧੂ ਨੇ 30 ਅਗਸਤ ਨੂੰ ਫੋਨ ਕਰਕੇ 10,000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਤਾਂ ਹੀ ਉਹ ਧਰਨੇ ਵਾਲੀ ਥਾਂ ਤੋਂ ਵਾਹਨ ਵਾਪਸ ਲੈ ਜਾਣਗੇ।
ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਭਾਨਾ ਦਾ ਕਹਿਣਾ ਹੈ ਕਿ ਉਸ ਨੇ ਔਰਤ ਤੋਂ ਪੈਸੇ ਨਹੀਂ ਮੰਗੇ। ਭਾਨਾ ਦੇ ਵਕੀਲ ਨੇ ਕਿਹਾ ਕਿ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਸ ਦਾ ਇਹ ਵੀ ਕਹਿਣਾ ਕਿ ਉਸਨੂੰ ਕਾਨੂੰਨ ’ਤੇ ਭਰੋਸਾ ਹੈ। ਕਿਹਾ ਜਾ ਰਿਹਾ ਕਿ ਹਾਸਿਲ ਜਾਣਕਾਰੀ ਮੁਤਾਬਕ ਟਰੈਵਲ ਏਜੰਟ ਔਰਤ ਨੇ ਪੁਲਿਸ ਨੂੰ ਰਿਕਾਰਡਿੰਗ ਵੀ ਦਿੱਤੀ ਸੀ, ਜਿਸ ਤੋਂ ਬਾਅਦ ਭਾਨਾ ਸਿੱਧੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੈਕਟਰ – 32ਏ ਵਿੱਚ ਰਹਿਣ ਵਾਲੀ ਔਰਤ ਮਾਡਲ ਟਾਊਨ ਵਿੱਚ ਇਮੀਗ੍ਰੇਸ਼ਨ ਦਫ਼ਤਰ ਚਲਾਉਂਦੀ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ।
ਪਟਿਆਲਾ ‘ਚ ਦਰਜ ਹੋਇਆ ਨਵਾਂ ਮਾਮਲਾ
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਭਾਨਾ ਸਿੱਧੂ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ 26 ਜਨਵਰੀ ਨੂੰ ਉਸਨੂੰ ਜ਼ਮਾਨਤ ਮਿਲ ਗਈ ਸੀ। ਭਾਨਾ ਸਿੱਧੂ ਨੂੰ ਲੁਧਿਆਣਾ ‘ਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ ‘ਚ ਉਸ ਖ਼ਿਲਾਫ਼ ਇਕ ਹੋਰ ਮਾਮਲਾ ਦਰਜ ਕਰ ਲਿਆ ਗਿਆ। ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਸਿੱਧੂ ਖ਼ਿਲਾਫ਼ ਧਾਰਾ 379 ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕਰ ਉਸਨੂੰ ਮੁੜ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਚੇਨੀ ਖੋਹਣ ਦੇ ਮਾਮਲੇ ‘ਚ ਇਹ ਐਫ.ਆਈ.ਦਰਜ ਕੀਤੀ ਗਈ ਹੈ।