ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ‘ਤੇ ਵਧੇ ਰੇਟ, ਦੇਰ ਰਾਤ ਤੋਂ ਦਰਾਂ ‘ਚ 30 ਫੀਸਦੀ ਦਾ ਕੀਤਾ ਗਿਆ ਵਾਧਾ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ 4 ਮਹੀਨਿਆਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਸ਼ੁੱਕਰਵਾਰ ਰਾਤ ਤੋਂ ਇਹ ਦਰ 30 ਫੀਸਦੀ ਵਧਾ ਦਿੱਤੀ ਗਈ ਹੈ। ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕਾਂ ‘ਤੇ ਪਵੇਗਾ। ਹੁਣ ਤੁਹਾਨੂੰ ਕਾਰ-ਜੀਪ-ਵੈਨ ਦੇ ਸਿੰਗਲ ਸਫ਼ਰ ਲਈ 215 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ।
ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। NHAI ਨੇ ਹੁਣ ਵਾਹਨਾਂ ਦੇ ਐਕਸਲ ਦੀ ਗਿਣਤੀ ਦੇ ਆਧਾਰ ‘ਤੇ ਟੋਲ ਦਰਾਂ ਨੂੰ ਬਦਲ ਦਿੱਤਾ ਹੈ। 3 ਐਕਸਲ ਵਾਲੇ ਵਪਾਰਕ ਵਾਹਨਾਂ ਨੂੰ ਇੱਕ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ।
ਇਸ ‘ਚ ਖਾਸ ਗੱਲ ਇਹ ਹੈ ਕਿ ਬਿਨਾਂ ਫਾਸਟੈਗ ਵਾਲੇ ਵਾਹਨਾਂ ‘ਤੇ ਯਾਤਰਾ ਲਈ ਦੁੱਗਣਾ ਖਰਚਾ ਲਿਆ ਜਾਵੇਗਾ। ਜੇਕਰ ਕਾਰ ‘ਚ ਫਾਸਟੈਗ ਨਹੀਂ ਹੈ ਤਾਂ 430 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ NHAI ਨੇ ਮਾਸਿਕ ਪਾਸ ‘ਚ ਵੀ ਬਦਲਾਅ ਕੀਤਾ ਹੈ। ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਦਰ 330 ਰੁਪਏ ਹੈ।
NHAI ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਦਰਾਂ ਨੂੰ ਟੈਰਿਫ ਨਿਯਮਾਂ ਅਨੁਸਾਰ ਸੋਧਿਆ ਗਿਆ ਹੈ। ਇਹ ਸੋਧ ਸਾਰੇ 3 ਟੋਲਾਂ ‘ਤੇ ਲਾਗੂ ਹੁੰਦੀ ਹੈ। ਜਿਸ ਵਿੱਚ ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ, ਕਰਨਾਲ ਜ਼ਿਲ੍ਹੇ ਵਿੱਚ ਘੜੌਂਦਾ ਟੋਲ ਅਤੇ ਅੰਬਾਲਾ ਵਿੱਚ ਘੱਗਰ ਟੋਲ ਸ਼ਾਮਲ ਹਨ। ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਗੌਰਵ ਨੇ ਦੱਸਿਆ ਕਿ ਸਾਨੂੰ ਸ਼ੁੱਕਰਵਾਰ ਰਾਤ ਨੂੰ ਅਧਿਕਾਰੀਆਂ ਤੋਂ ਰੇਟ ਸੋਧ ਦੀ ਸੂਚਨਾ ਮਿਲੀ ਸੀ।