ਪੰਜਾਬ ਦੀ ਧੀ ਅਜਨੀਤ ਨੂੰ ਕਈ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ, ਲਾਕਡਾਊਨ ‘ਚ YouTube ਤੋਂ ਸਿੱਖੀ ਕੋਰੀਅਨ; 750 ਬੱਚਿਆਂ ‘ਚੋਂ ਆਈ ਅੱਵਲ

Punjab News: ਗੁਰਦਾਸਪੁਰ ਦੇ ਸਰਕਾਰੀ ਕਾਲਜ ਰੋਡ ‘ਤੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਕਾਲੋਨੀ ਦੀ ਰਹਿਣ ਵਾਲੀ 16 ਸਾਲਾ ਅਜਨੀਤ ਨੇ ਪੰਡਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਖੇ 15 ਅਕਤੂਬਰ ਨੂੰ ਹੋਏ ਵਿਦੇਸ਼ੀ ਭਾਸ਼ਾ ਦੇ ਟੈਸਟ ‘ਚ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਜਨੀਤ ਦੇ ਪਿਤਾ ਮਨਦੀਪ ਸਿੰਘ ਤੇ ਮਾਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2020 ‘ਚ ਲਾਕਡਾਊਨ ਦੌਰਾਨ ਉਨ੍ਹਾਂ ਦੀ ਬੇਟੀ ਯੂ-ਟਿਊਬ ‘ਤੇ ਕੋਰੀਅਨ ਭਾਸ਼ਾ ਸਿੱਖਦੀ ਸੀ।

ਕਈ ਭਾਸ਼ਾਵਾਂ ਆਸਾਨੀ ਨਾਲ ਬੋਲ ਲੈਂਦੀ ਹੈ ਅਜਨੀਤ

ਕੋਰੀਆਂ ਭਾਸ਼ਾ ਨੂੰ ਉਸ ਨੇ ਕੁਝ ਦਿਨਾਂ ‘ਚ ਹੀ ਸਿੱਖ ਲਿਆ ਤੇ ਜਦੋਂ ਉਸ ਨੂੰ ਇਕ ਭਾਸ਼ਾ ਆ ਗਈ ਤਾਂ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਹੌਲੀ-ਹੌਲੀ ਅਜਨੀਤ ਲਈ ਸਾਰੀਆਂ ਭਾਸ਼ਾਵਾਂ ਆਸਾਨ ਹੁੰਦੀਆਂ ਰਹੀਆਂ।

ਕੈਲੇਡੋਨੀਅਨ ਸਕੂਲ, ਪਠਾਨਕੋਟ ਦੀ ਇਹ ਲੜਕੀ ਹੁਣ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਆਸਾਨੀ ਨਾਲ ਬੋਲ ਲੈਂਦੀ ਹੈ। ਅਜਨੀਤ ਦਾ ਕਹਿਣਾ ਹੈ ਕਿ ਉਹ ਭਾਰਤੀ ਕੋਰੀਆਈ ਜਾਂ ਉਨ੍ਹਾਂ ਭਾਸ਼ਾਵਾਂ ਨਾਲ ਸਬੰਧਤ ਕਿਸੇ ਦੂਤਘਰ ‘ਚ ਕੰਮ ਕਰਨਾ ਚਾਹੁੰਦੀ ਹੈ ਜਿਸਦਾ ਉਸਨੂੰ ਗਿਆਨ ਹੈ। ਜਿਸ ਲਈ ਪਰਿਵਾਰ ਵੀ ਉਸਦਾ ਪੂਰਾ ਸਾਥ ਦੇ ਰਿਹਾ ਹੈ।

750 ਬੱਚਿਆਂ ‘ਚੋਂ ਅਜਨੀਤ ਰਹੀ ਅੱਵਲ

ਅਜਨੀਤ ਨੇ ਦੱਸਿਆ ਕਿ ਦਿੱਲੀ ਦੀ ਪੰਡਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਉਸ ਦਾ ਵਿਦੇਸ਼ੀ ਕੋਰੀਅਨ ਭਾਸ਼ਾ ਦਾ ਟੈਸਟ ਸੀ ਜਿਸ ਵਿਚ ਉਸ ਨੇ ਵਧੀਆ ਅੰਕ ਪ੍ਰਾਪਤ ਕੀਤੇ ਤੇ ਇਸ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ, ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ ਬੱਚਿਆਂ ਨੇ ਭਾਗ ਲਿਆ ਸੀ ਜਦਕਿ ਪੰਜਾਬ ਇਸ ਟੈਸਟ ਵਿਚ ਪਹਿਲੇ ਨੰਬਰ ‘ਤੇ ਆਈ ਹੈ। ਉਸ ਨੇ ਦੱਸਿਆ ਕਿ ਇਸ ਪ੍ਰੀਖਿਆ ‘ਚ ਕੁੱਲ 750 ਬੱਚਿਆਂ ਨੇ ਭਾਗ ਲਿਆ ਸੀ।

ਮਾਪਿਆਂ ਨੇ ਕੀਤੀ ਧੀ ਦੇ ਚੰਗੇ ਭਵਿੱਖ ਦੀ ਕਾਮਨਾ

ਅਜਨੀਤ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਪਿਤਾ ਮਨਦੀਪ ਸਿੰਘ ਤੇ ਮਾਤਾ ਮਨਪ੍ਰੀਤ ਕੌਰ ਨੇ ਕਿਹਾ ਕਿ ਗੁਰਦਾਸਪੁਰ ਦੀ ਇਹ ਪਹਿਲੀ ਲੜਕੀ ਹੈ ਜਿਸ ਨੇ ਵਿਦੇਸ਼ੀ ਭਾਸ਼ਾਵਾਂ ਸਿੱਖੀਆਂ ਹਨ ਤੇ ਪੂਰੀ ਲਗਨ ਨਾਲ ਇਸ ’ਤੇ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਉਹ ਇਨ੍ਹਾਂ ਭਾਸ਼ਾਵਾਂ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰੇਗੀ, ਜਿਸ ਤੋਂ ਬਾਅਦ ਉਹ ਅੰਬੈਸੀ ਵਿੱਚ ਨੌਕਰੀ ਲਈ ਅਰਜ਼ੀ ਦੇਵੇਗੀ।

Leave a Reply

Your email address will not be published. Required fields are marked *