ਪੰਜਾਬ ਦਾ ਅਗਨੀਵੀਰ ਜੰਮੂ-ਕਸ਼ਮੀਰ ‘ਚ ਸ਼ਹੀਦ, ਛੋਟੇ ਵੀਰ ਦੀ ਮ੍ਰਿਤਕ ਦੇਹ ਤਕ ਨਹੀਂ ਵੇਖ ਸਕਿਆ ਕੈਨੇਡਾ ਬੈਠਾ ਭਰਾ

ਬੀਤੇ ਦਿਨੀਂ ਪਿੰਡ ਮਹਿਤਾ ਦਾ ਅਗਨੀਵੀਰ ਫ਼ੌਜੀ ਜੰਮੂ ਕਸ਼ਮੀਰ ‘ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਉਸ ਦਾ ਅੱਜ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। ਜਾਣਕਾਰੀ ਅਗਨੀਵੀਰ ਸ਼ਹੀਦ ਸੁਖਵਿੰਦਰ ਸਿੰਘ (22) ਪੁੱਤਰ ਸੇਵਾਮੁਕਤ ਸੂਬੇਦਾਰ ਨਾਇਬ ਸਿੰਘ ਪੌਣੇ ਦੋ ਸਾਲ ਪਹਿਲਾਂ ਭਾਰਤੀ ਫ਼ੌਜ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ ਗੁਰੂ ਨਾਨਕ ਸਕੂਲ ਘੁੰਨਸ ਵਿਖੇ ਬਾਰ੍ਹਵੀਂ ਪਾਸ ਕੀਤੀ ਅਤੇ ਡਿਗਰੀ ਕਰਨ ਲਈ ਯੂਨੀਵਰਸਿਟੀ ‘ਚ ਦਾਖ਼ਲਾ ਲਿਆ ਤਾਂ ਇਸ ਦੌਰਾਨ ਉਸ ਨੂੰ ਅਗਨੀਵੀਰ ਫ਼ੌਜ ‘ਚ ਨੌਕਰੀ ਮਿਲ ਗਈ। ਬੀਤੀ ਦਿਨੀਂ ਪਰਿਵਾਰ ਨੂੰ ਜੰਮੂ ਕਸ਼ਮੀਰ ‘ਚੋਂ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਸੁਖਵਿੰਦਰ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਏ।

ਅੱਜ ਸਵੇਰੇ ਅਗਨੀਵੀਰ ਸਿਪਾਹੀ ਦੀ ਮ੍ਰਿਤਕ ਦੇਹ ਫ਼ੌਜ ਦੇ ਵਾਹਨ ‘ਚ ਕਰਨਲ ਸੋਨੂੰ ਕੁਮਾਰ ਦੀ ਅਗਵਾਈ ‘ਚ ਲੈ ਕੇ ਪੁੱਜੇ ਤਾਂ ਪਿੰਡ ਨਿਵਾਸੀਆਂ ਦੇ ਅੱਖਾਂ ‘ਚੋਂ ਅੱਥਰੂ ਨਹੀਂ ਰੁਕੇ। ਸ਼ਹੀਦ ਫ਼ੌਜੀ ਦਾ ਵੱਡਾ ਭਰਾ ਕੈਨੇਡਾ ਗਿਆ ਹੋਇਆ ਹੈ, ਉਹ ਅੰਤਿਮ ਮੌਕੇ ਨਹੀਂ ਪਹੁੰਚ ਸਕਿਆ। ਮਾਤਾ ਰਣਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ। 10 ਵਜੇ ਦੇ ਕਰੀਬ ਸੈਨਾ ਦੇ ਵਾਹਨ ‘ਚ ਸ਼ਹੀਦ ਦੇ ਮ੍ਰਿਤਕ ਦੇਹ ਨੂੰ ਰੱਖ ਕੇ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਹਲਕਾ ਭਦੋੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ, ਐੱਸ. ਡੀ. ਐੱਮ. ਤਪਾ ਸੁਮਨਪ੍ਰੀਤ ਕੌਰ, ਡੀ. ਐੱਸ. ਪੀ. ਤਪਾ ਮਾਨਵਜੀਤ ਸਿੰਘ ਸਿਧੂ, ਤਹਿਸੀਲਦਾਰ ਰਾਜੇਸ਼ ਅਹੂਜਾ, ਨਾਇਬ ਤਹਿਸੀਲਦਾਰ ਸੁਨੀਲ ਗਰਗ, ਥਾਣਾ ਮੁਖੀ ਤਪਾ ਕੁਲਜਿੰਦਰ ਸਿੰਘ ਗਰੇਵਾਲ, ਸਬ-ਇੰਸਪੈਕਟਰ ਬਲਵਿੰਦਰ ਸਿੰਘ ਤੇ ਸੈਨਿਕ ਭਲਾਈ ਵਿਭਾਗ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸਭ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਹੋਏ ਅਗਨੀਵੀਰ ਸਿਪਾਹੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਹਮੇਸ਼ਾ ਹੀ ਪੰਜਾਬ ਸਰਕਾਰ ਨਾਲ ਵਿਤਕਰਾ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਫ਼ੌਜਾਂ ਦੀਆਂ ਵੱਖ-ਵੱਖ ਕੈਟਾਗਿਰੀਆਂ ਬਣਾਕੇ ਵਿਤਕਰਾ ਕਰ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹੀਦ ਹੋਏ ਅਗਨੀਵੀਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਪੰਜਾਬ ਸਰਕਾਰ ਵੱਲੋਂ ਜੋ ਵੀ ਬਣਦਾ ਮਾਣ ਸਨਮਾਨ ਹੈ ਉਹ ਦਿੱਤਾ ਜਾਵੇਗਾ।

Leave a Reply

Your email address will not be published. Required fields are marked *