ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਧਮਕੀਆਂ ਦੇ ਰਿਹਾ ਹੈ ਕੇਂਦਰ: ਮਾਨ

ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਕੂਚ ਕਰਨ ਲਈ ਖਨੌਰੀ ਬਾਰਡਰ ਉਤੇ ਪੁੱਜੇ ਕਿਸਾਨਾਂ ’ਚ ਸ਼ਾਮਲ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਸੀਐੱਮ ਮੰਤਰੀ ਭਗਵੰਤ ਮਾਨ ਨੇ ਜਿਥੇ ਇਸ ਘਟਨਾ ਉਤੇ ਦੁੱਖ ਜਾਹਰ ਕੀਤਾ ਹੈ, ਉਥੇ ਹੀ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਸੀਐੱਮ ਮਾਨ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਉਹ ਉਸ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਉਹ ਉਸ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਸ਼ੁਭਕਰਨ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਸ ਘਟਨਾ ਦੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਵੱਲੋਂ ਧਮਕੀਆਂ ਆ ਰਹੀਆਂ ਹਨ ਕਿ ਪੰਜਾਬ ‘ਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਜਾਵੇਗਾ। ਇਸ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਉਹ ਅਜਿਹੇ ਰਾਜ ਤੋਂ 100 ਕੁਰਸੀਆਂ ਕੁਰਬਾਨ ਕਰਦੇ ਹਨ, ਪਰ ਉਹ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਨਹੀਂ ਇਸ ਤਰ੍ਹਾਂ ਮਰਨ ਦੇਣਗੇ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਦੇ ਦਿਲ ‘ਤ ਥੋੜ੍ਹਾ ਰਹਿਮ ਜਾਗੇਗਾ ਕਿ ਦੇਸ਼ ਦਾ ਕਿਸਾਨ ਇਸ ਸਮੇਂ ਕਿਸ ਤਰ੍ਹਾਂ ਦੀ ਸਥਿਤੀ ‘ਚੋਂ ਗੁਜ਼ਰ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚੋਂ 3 ਵਾਰ ਉਹ ਖ਼ੁਦ ਮੀਟਿੰਗਾਂ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਦਿੱਲੀ ਵੱਲ ਜਾ ਰਹੇ ਹਨ, ਜਿਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ‘ਤੇ ਹੀ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਦਿੱਲੀ ਜਾਣ ਲਈ ਹਰਿਆਣਾ ਵਿਚੋਂ ਗੁਜ਼ਰ ਰਹੇ ਹਨ, ਪਰ ਪਤਾ ਨਹੀਂ ਕਿਉਂ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕ ਰਹੀ ਹੈ।

ਮ੍ਰਿਤਕ ਨੌਜਵਾਨ ਸ਼ੁਭਕਰਨ ਸਿੰਘ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸ਼ੁਭਕਰਨ ਦੀ ਮੌਤ ਕਾਰਨ ਪਿੰਡ ਅਤੇ ਪੰਜਾਬ ’ਚ ਗਮ ਅਤੇ ਗੁੱਸੇ ਦਾ ਮਹੌਲ ਬਣ ਗਿਆ ਹੈ। ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਮੌਤ ਹੈ ਜਿਸ ਨੂੰ ਹਰਿਆਣਾ ਸਰਕਾਰ ਅਤੇ ਉੱਥੋਂ ਦੇ ਪੁਲਿਸ ਪ੍ਰ੍ਰਸ਼ਾਸ਼ਨ ਕਾਰਨ ਹੋਈ ਮੌਤ ਕਰਾਰ ਦਿੱਤਾ ਗਿਆ ਹੈ। ਮ੍ਰਿਤਕ ਕਿਸਾਨ ਦੇ ਸਿਰ ਤੇ ਸੱਟ ਦਾ ਨਿਸ਼ਾਨ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਭਕਰਨ ਸਿੰਘ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਤਿੰਨ ਚਾਰ ਦਿਨ ਪਹਿਲਾਂ ਖਨੌਰੀ ਬਾਰਡਰ ਉਤੇ ਗਿਆ ਸੀ।

Leave a Reply

Your email address will not be published. Required fields are marked *